ਜਾਨਾਂ ਦੇ ਦਿਆਂਗੇ ਪਰ ‘ਆਪ’ ਸਰਕਾਰ ਵੱਲੋਂ ਇੱਕ ਬੂੰਦ ਵੀ ਵਾਧੂ ਪਾਣੀ ਰਾਜਸਥਾਨ ਨੂੰ ਨਹੀਂ ਦੇਣ ਦਿਆਂਗੇ: ਸੁਖ਼ਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਜਸਥਾਨ ਵਿਚ ਆਉਂਦੀਆਂ ਚੋਣਾਂ ਵਿਚ ਵੋਟਾਂ ਲੈਣ ਵਾਸਤੇ ਰਾਜ ਦੇ ਦਰਿਆਈ ਪਾਣੀਆਂ ਦਾ ਵਪਾਰਕ ਸੌਦਾ ਕਰਨ ਦੀ ਆਪ ਦੀ ਸਾਜ਼ਿਸ਼ ਦੀ ਨਿਖੇਧੀ ਕੀਤੀ।
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਕਦੇ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਰਾਜਸਥਾਨ ਨੂੰ ਦਰਿਆਈ ਪਾਣੀਆਂ ਵਿਚੋਂ ਵਧਾਉਣ ਦੀ ਇਜਾਜ਼ਤ ਨਹੀਂ ਦਿਆਂਗੇ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਰਾਜਸਥਾਨ ਨੂੰ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਦੇਣ ਦਿਆਂਗੇ ਭਾਵੇਂ ਇਸ ਅਨਿਆਂ ਨੂੰ ਰੋਕਣ ਵਾਸਤੇ ਸਾਨੂੰ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
ਰਾਜਸਥਾਨ ਦੀ ਸਰਹੱਦ ਦੇ ਨਾਲ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰਾਜਸਥਾਨ ਵਿਚ ਆਉਂਦੀਆਂ ਚੋਣਾਂ ਵਿਚ ਵੋਟਾਂ ਲੈਣ ਵਾਸਤੇ ਰਾਜ ਦੇ ਦਰਿਆਈ ਪਾਣੀਆਂ ਦਾ ਵਪਾਰਕ ਸੌਦਾ ਕਰਨ ਦੀ ਆਪ ਦੀ ਸਾਜ਼ਿਸ਼ ਦੀ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਖਬਰਾਂ ਦਾ ਖੰਡਨ ਨਹੀਂ ਕੀਤਾ ਜਿਹਨਾਂ ਵਿਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਨੇ ਰਾਸ਼ਟਰੀ ਲੋਕਤਾਂਤਰਿਕ ਪਾਰਟੀ (ਆਰ ਐਲ ਪੀ) ਦੇ ਮੁਖੀ ਹਨੂਮਾਨ ਬੇਨੀਵਾਲ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਭਰੋਸਾ ਦੁਆਇਆ ਸੀ ਕਿ ਆਪ ਸਰਕਾਰ ਸਰਹਿੰਦ ਫੀਡਰ ਤੋਂ ਰਾਜਸਥਾਨ ਨੂੰ ਜਾਂਦੇ ਪਾਣੀ ਵਿਚ ਵਾਧਾ ਕੀਤਾ ਜਾਵੇਗਾ ਤੇ ਉਹਨਾਂ ਦਾ ਇਹ ਭਰੋਸਾ ਪੰਜਾਬ ਤੋਂ ਇਸ ਦੇ ਦਰਿਆਈ ਪਾਣੀ ਖੋਹਣ ਦੀ ਸਾਜ਼ਿਸ਼ ਦਾ ਸਬੂਤ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਸ਼ੇਸ਼ ਭਰੋਸਾ ਦਿੱਤਾ ਹੈ ਕਿ ਮੌਜੂਦਾ ਸਮੇਂ ਜਾ ਰਿਹਾ 700 ਕਿਊਸਿਕ ਪਾਣੀ ਵਧਾ ਕੇ 1250 ਕਿਊਸਿਕ ਕੀਤਾ ਜਾਵੇਗਾ ਜਿਸ ਨਾਲ ਸਾਡੇ ਲੱਖਾਂ ਕਿਸਾਨਾਂ ਦਾ ਜੀਵਨ ਖਤਰੇ ਵਿਚ ਪੈ ਜਾਵੇਗਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਨਾਲ ਕੀਤੇ ਵਿਤਕਰੇ ਕਾਰਨ ਪੰਜਾਬ ਦਾ ਖੂਨ ਚੂਸਿਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ 1955 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਰਾਵੀ-ਬਿਆਸ ਪਾਣੀਆਂ ਵਿਚੋਂ 15.85 ਐਮ ਏ ਐਫ ਪਾਣੀ ਰਾਜਸਥਾਨ ਨੂੰ ਅਲਾਟ ਕੀਤਾ ਸੀ।
ਉਹਨਾਂ ਕਿਹਾ ਕਿ ਹੁਣ ਸੂਬੇ ਵਿਚ ਵੱਡੇ ਹਿੱਸੇ ਵਿਚ ਜ਼ਮੀਨ ਹੇਠਲਾਂ ਪਾਣੀ ਖ਼ਤਰਨਾਕ ਪੱਧਰ ਤੱਕ ਘੱਟ ਗਿਆ ਹੈ ਤੇ ਭਵਿੱਖ ਇਸ ਸੂਬੇ ਦੇ ਰੇਗਿਸਤਾਨ ਬਣਨ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਇਹ ਵਾਅਦਾ ਕਰ ਰਹੇ ਹਨ ਕਿ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਰਾਜਸਥਾਨ ਨੂੰ ਹਿੱਸਾ ਵਧਾਇਆ ਜਾਵੇਗਾ ਤੇ ਇਹ ਗੱਲ ਕਿਸੇ ਵੀ ਹਾਲਾਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਬਾਦਲ ਨੇ ਕਿਸਾਨਾਂ ਨੂੰ ਕਿਹਾ ਕਿ ਉਹਨਾਂ ਨੂੰ ਆਪ ਅਤੇ ਇਸਦੇ ਮੁਖੀ ਅਰਵਿੰਦ ਕੇਜਰੀਵਾਲ ਦੀਆਂ ਸਾਜ਼ਿਸ਼ਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਕ ਸਾਲ ਪਹਿਲਾਂ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਭਗਵੰਤ ਮਾਨ ਦੀ ਹਾਜ਼ਰੀ ਵਿਚ ਭਰੋਸਾ ਦੁਆਇਆ ਸੀ ਕਿ ਜੇਕਰ ਹਰਿਆਣਾ ਵਿਚ ਆਪ ਸਰਕਾਰ ਬਣੀ ਤਾਂ ਫਿਰ ਐਸ ਵਾਈ ਐਲ ਰਾਹੀਂ ਪੰਜਾਬ ਤੋਂ ਹਰਿਆਣਾ ਨੂੰ ਪਾਣੀ ਦੁਆਇਆ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣਾ ਦੇ ਆਪ ਦੇ ਪ੍ਰਧਾਨ ਨੇ ਜਨਤਕ ਤੌਰ ’ਤੇ ਇਸਨੂੰ ਸੂਬੇ ਦੇ ਲੋਕਾਂ ਨੂੰ ’ਗਰੰਟੀ’ ਵਜੋਂ ਲੈਣ ਦਾ ਐਲਾਨ ਕੀਤਾ ਸੀ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਈਪੇਰੀਅਨ ਸਿਧਾਂਤਾਂ ’ਤੇ ਡਟਿਆ ਰਹੇਗਾ। ਅਸੀਂ ਪਾਣੀ ਦਾ ਇਕ ਵੀ ਵਾਧੂ ਤੁਪਕਾ ਨਾ ਰਾਜਸਥਾਨ ਨੂੰ ਦੇਣ ਦਿਆਂਗੇ ਤੇ ਨਾ ਹੀ ਐਸ ਵਾਈ ਐਲ ਰਾਹੀਂ ਹਰਿਆਣਾ ਨੂੰ ਦੇਣ ਦਿਆਂਗੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਐਸ ਵਾਈ ਐਲ (ਰਿਹੈਬੀਲੀਟੇਸ਼ਨ ਐਂਡ ਰੀ ਵੈਸਟਿੰਗ ਆਫ ਪ੍ਰਾਪਰਟੀ ਰਾਈਟਸ) ਬਿੱਲ 2016 ਪਾਸ ਕਰ ਕੇ ਐਸ ਵਾਈ ਐਲ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਮੋੜ ਦਿੱਤੀ ਸੀ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਕੀਤੀ ਸੀ।