ਲੀਕੇਜ ਸੀਵਰੇਜ ਦਾ ਹੱਲ ਨਾ ਹੋਣ ਕਾਰਨ ਲੋਕਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਅਧੀਨ ਆਉਂਦੇ ਮੁਹੱਲਾ ਕੀਰਤੀ ਨਗਰ ਦੇ ਰਹਿਣ ਵਾਲੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਕਿਉਂਕਿ ਪਿਛਲੇ ਲੰਮ ਸਮੇਂ ਤੋਂ ਮੁਹੱਲੇ ਦੀ ਗਲੀ ਨੰਬਰ 1 ਵਿਚ ਸੀਵਰੇਜ ਦੀ ਲੀਕੇਜ ਕਾਰਨ ਆਸ ਪਾਸ ਦੇ ਖਾਲੀ ਪਏ ਪਲਾਟਾਂ ਵਿਚ ਗੰਦਾ ਪਾਣੀ ਭਰਨ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਸੀਵਰੇਜ ਦੇ ਪਾਣੀ ਤੋਂ ਉਡਣ ਵਾਲੀ ਗੰਦੀ ਬਦਬੂ ਕਾਰਨ ਲੋਕ ਦਾ ਜਿਊਣਾ ਹੋਰ ਵੀ ਜ਼ਿਆਦਾ ਦੁੱਭਰ ਹੋਇਆ ਪਿਆ ਹਨ ਪਰ ਨਗਰ ਨਿਗਮ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਸ ਸਮੱਸਿਆ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਇਹ ਵਾਰਡ ਪਿਛਲੇ ਕਰੀਬ 2 ਸਾਲਾਂ ਤੋਂ ਕੌਂਸਲਰ ਨਾ ਹੋਣ ਕਾਰਨ ਲਾਵਾਰਸ ਪਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਥਾਂ ਉਤੇ ਰਹਿ ਰਹੇ ਨੇ ਪਰ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦੀ ਲੀਕੇਜ਼ ਕਾਰਨ ਉਹ ਨਰਕ ਭਰੇ ਮਾਹੌਲ ਵਿਚ ਆਪਣੀ ਜ਼ਿੰਦਗੀ ਲੰਘਾ ਰਹੇ ਹਨ ਅਤੇ ਇਸ ਸੜਕ ਉਪਰ ਪਾਣੀ ਕਾਰਨ ਜਿਥੇ ਹਾਦਸੇ ਵਾਪਰਦੇ ਹਨ ਉਥੇ ਹੀ ਕਈ ਵਾਰ ਬੱਚੇ ਅਤੇ ਬਜ਼ੁਰਗ ਵੀ ਡਿੱਗ ਚੁੱਕੇ ਹਨ ਤੇ ਅਧਿਕਾਰੀਆਂ ਦੇ ਧਿਆਨ ਵਿਚ ਇਹ ਸਮੱਸਿਆ ਲਿਆਉਣ ਦੇ ਬਾਵਜੂਦ ਵੀ ਸਮੱਸਿਆ ਜਿਉਂ ਦੀ ਤਿਓਂ ਹੀ ਬਰਕਰਾਰ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : ਅਮੂਲ ਦੁੱਧ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
ਮੌਕੇ ਉਤੇ ਪਹੁੰਚੇ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ. ਪੀਐਸ ਮਾਨ ਨੇ ਕਿਹਾ ਕਿ ਜੇਕਰ ਜਲਦ ਹੀ ਨਗਰ ਨਿਗਮ ਨੇ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਉਹ ਕੁਝ ਦਿਨਾਂ ਬਾਅਦ ਨਿਗਮ ਕਮਿਸ਼ਨਰ ਅਤੇ ਮੇਅਰ ਦੇ ਦਫਤਰ ਬਾਹਰ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਧਰਨੇ ਉਤੇ ਬੈਠਣਗੇ। ਇਸ ਮੌਕੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਵਾਰਡ ਵਿਚ ਜਲਦ ਤੋਂ ਜਲਦ ਜ਼ਿਮਨੀ ਚੋਣ ਕਰਵਾਉਣ ਤਾਂ ਜੋ ਮੁਹੱਲੇ ਦਾ ਕੋਈ ਬਾਲੀ ਵਾਰਸ ਬਣ ਸਕੇ।