Meghalaya And Nagaland Assembly Election : ਸਖ਼ਤ ਸੁਰੱਖਿਆ ਪ੍ਰਬੰਧ ਹੇਠ ਨਾਗਾਲੈਂਡ ਤੇ ਮੇਘਾਲਿਆ 'ਚ ਵੋਟਿੰਗ ਸ਼ੁਰੂ
ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਲਈ ਨਾਗਾਲੈਂਡ ਤੇ ਮੇਘਾਲਿਆ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਨਾਗਾਲੈਂਡ ਦੀਆਂ 60 ਸੀਟਾਂ ਤੇ ਮੇਘਾਲਿਆ ਵਿਧਾਨ ਸਭਾ ਦੀਆਂ 59 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਪੋਲਿੰਗ ਬੂਥਾਂ ਉਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਨਾਗਾਲੈਂਡ ਰਾਜ ਵਿਚ 13 ਲੱਖ ਤੋਂ ਵੱਧ ਵੋਟਰ ਹਨ ਅਤੇ 60 ਮੈਂਬਰੀ ਵਿਧਾਨ ਸਭਾ ਦੀਆਂ 59 ਸੀਟਾਂ ਲਈ ਚਾਰ ਔਰਤਾਂ ਅਤੇ 19 ਆਜ਼ਾਦ ਉਮੀਦਵਾਰਾਂ ਸਮੇਤ 183 ਉਮੀਦਵਾਰ ਚੋਣ ਮੈਦਾਨ ਖੜ੍ਹੇ ਹਨ। ਦੋਵਾਂ ਰਾਜਾਂ 'ਚ 60-60 ਵਿਧਾਨ ਸਭਾ ਸੀਟਾਂ ਹਨ ਪਰ 59-59 ਸੀਟਾਂ 'ਤੇ ਹੀ ਵੋਟਿੰਗ ਹੋ ਰਹੀ ਹੈ। ਦਰਅਸਲ ਭਾਜਪਾ ਉਮੀਦਵਾਰ ਨੇ ਨਾਗਾਲੈਂਡ ਵਿਚ ਇਕ ਸੀਟ ਬਿਨਾਂ ਮੁਕਾਬਲਾ ਜਿੱਤੀ ਹੈ, ਜਦੋਂ ਕਿ ਮੇਘਾਲਿਆ ਦੀ ਸੋਹੇਯੋਂਗ ਸੀਟ ਉੱਤੇ ਯੂਡੀਪੀ ਉਮੀਦਵਾਰ ਦੀ ਮੌਤ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਮੇਘਾਲਿਆ ਤੇ ਨਾਗਾਲੈਂਡ 'ਚ ਵੋਟਿੰਗ ਤੋਂ ਬਾਅਦ ਤ੍ਰਿਪੁਰਾ ਦੇ ਨਾਲ-ਨਾਲ ਤਿੰਨਾਂ ਸੂਬਿਆਂ ਦੇ ਚੋਣ ਨਤੀਜੇ 2 ਮਾਰਚ ਨੂੰ ਐਲਾਨੇ ਜਾਣਗੇ।
ਵੋਟਰਾਂ ਵਿਚ 6,47,523 ਪੁਰਸ਼ ਅਤੇ 6,49,876 ਮਹਿਲਾ ਵੋਟਰ ਸ਼ਾਮਲ ਹਨ। ਨਾਗਾਲੈਂਡ ਵਿਟ ਚੋਣ ਕਮਿਸ਼ਨ ਵੱਲੋਂ 2,291 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਦੂਜੇ ਪਾਸੇ ਮੇਘਾਲਿਆ ਵਿਚ ਕੁੱਲ 3,419 ਪੋਲਿੰਗ ਸਟੇਸ਼ਨਾਂ 'ਤੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚੋਂ 640 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ, 323 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਅਤੇ 84 ਪੋਲਿੰਗ ਸਟੇਸ਼ਨਾਂ ਨੂੰ ਉੱਚ ਜੋਖਮ ਵਜੋਂ ਦਰਸਾਇਆ ਗਿਆ ਹੈ। ਚੋਣਾਂ ਦੇ ਮੱਦੇਨਜ਼ਰ ਦੋਵਾਂ ਸੂਬਿਆਂ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ : Governor Vs CM Punjab: ਬਜਟ ਸੈਸ਼ਨ ਦੀ ਮਨਜ਼ੂਰੀ ਨੂੰ ਲੈਕੇ SC ਦਾ ਬੂਹਾ ਖੜਕਾਉਣ ਦੀ ਤਿਆਰੀ 'ਚ CM ਮਾਨ - ਸੂਤਰ
ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ.) ਮੇਘਾਲਿਆ ਵਿਧਾਨ ਸਭਾ ਚੋਣਾਂ 'ਚ ਦੂਜੀ ਵਾਰ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਦੀ ਅਗਵਾਈ 'ਚ ਤ੍ਰਿਣਮੂਲ ਕਾਂਗਰਸ ਨੇ ਵੀ ਵਿਧਾਨ ਸਭਾ ਚੋਣ ਜਿੱਤਣ ਲਈ ਹੱਥ ਮਿਲਾਇਆ ਹੈ। ਦੂਜੇ ਪਾਸੇ ਨਾਗਾਲੈਂਡ ਵਿਚ ਐਨਪੀਪੀ, ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਨਾਗਾਲੈਂਡ ਦੇ ਵੋਖਾ ਜ਼ਿਲੇ 'ਚ ਐਤਵਾਰ ਨੂੰ ਚੋਣ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਲਿਜਾ ਰਿਹਾ ਇਕ ਵਾਹਨ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੁੰਗਰੂ ਸੈਕਟਰ ਪੋਲਿੰਗ ਸਟੇਸ਼ਨ 4 'ਤੇ ਤਾਇਨਾਤ ਚੋਣ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ ਵੋਖਾ ਜ਼ਿਲ੍ਹੇ ਦੇ ਥਿਲੌਂਗ ਪੁਲ ਨੇੜੇ ਪਲਟ ਗਈ। ਅਜਿਹਾ ਲੱਗਦਾ ਹੈ ਕਿ ਹਾਦਸਾ ਮਕੈਨੀਕਲ ਨੁਕਸ ਕਾਰਨ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੰਜ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।