Mitchell Marsh: ਮਿਸ਼ੇਲ ਮਾਰਸ਼ ਨੇ ਵਿਸ਼ਵ ਕੱਪ ਖਿਤਾਬ ਦਾ ਉਡਾਇਆ ਮਜ਼ਾਕ, ਟਰਾਫੀ 'ਤੇ ਰੱਖੇ ਪੈਰ
Mitchell Marsh : 19 ਨਵੰਬਰ (ਐਤਵਾਰ) ਨੂੰ ਅਹਿਮਦਾਬਾਦ ਵਿੱਚ ਭਾਰਤ ਖ਼ਿਲਾਫ਼ ਛੇ ਵਿਕਟਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਆਸਟਰੇਲੀਆ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਕਥਿਤ ਤੌਰ ’ਤੇ ਵੱਕਾਰੀ ਵਿਸ਼ਵ ਕੱਪ ਟਰਾਫੀ ਦਾ ਅਪਮਾਨ ਕਰਦੇ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਕ ਤਸਵੀਰ 'ਚ ਪੱਛਮੀ ਆਸਟ੍ਰੇਲੀਆਈ ਖਿਡਾਰੀ ਟਰਾਫੀ 'ਤੇ ਪੈਰ ਰੱਖ ਕੇ ਬੈਠਾ ਨਜ਼ਰ ਆ ਰਿਹਾ ਹੈ ਅਤੇ ਕ੍ਰਿਕਟ ਪ੍ਰਸ਼ੰਸਕ ਇਸ ਦੀ ਸਖਤ ਆਲੋਚਨਾ ਕਰ ਰਹੇ ਹਨ। ਮਾਰਸ਼, ਜੋ 2015 'ਚ ਆਸਟ੍ਰੇਲੀਆ ਦੀ ਵਿਸ਼ਵ ਚੈਂਪੀਅਨ ਟੀਮ ਦਾ ਵੀ ਹਿੱਸਾ ਸੀ, ਐਤਵਾਰ ਨੂੰ 15 ਦੌੜਾਂ ਬਣਾ ਕੇ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਕੇਐੱਲ ਰਾਹੁਲ ਹੱਥੋਂ ਕੈਚ ਹੋ ਗਿਆ।
ਹਾਲਾਂਕਿ ਜਿੱਤ ਤੋਂ ਬਾਅਦ ਉਹ ਟਰਾਫੀ 'ਤੇ ਪੈਰ ਰੱਖ ਕੇ ਡ੍ਰੈਸਿੰਗ ਰੂਮ 'ਚ ਬੈਠੇ ਨਜ਼ਰ ਆਏ। ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਪ੍ਰਸ਼ੰਸਕਾਂ ਨੇ ਇਸ ਵਿਵਹਾਰ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਟਰਾਫੀ ਦਾ ਕੁਝ ਸਨਮਾਨ ਕਰਨਾ ਚਾਹੀਦਾ ਹੈ।
ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ 50 ਓਵਰਾਂ 'ਚ 240 ਦੌੜਾਂ 'ਤੇ ਸਿਮਟ ਗਈ। ਆਸਟਰੇਲੀਆ ਨੇ 43 ਓਵਰਾਂ ਵਿੱਚ ਚਾਰ ਵਿਕਟਾਂ ’ਤੇ 241 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕੰਗਾਰੂ ਟੀਮ ਲਈ ਟ੍ਰੈਵਿਸ ਹੈੱਡ ਨੇ 141 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਮਾਰਾਂਸ਼ ਲਾਬੂਸ਼ੇਨ ਨੇ ਨਾਬਾਦ 58 ਦੌੜਾਂ ਬਣਾਈਆਂ। ਮਿਸ਼ੇਲ ਮਾਰਸ਼ 15 ਦੌੜਾਂ ਬਣਾ ਕੇ, ਡੇਵਿਡ ਵਾਰਨਰ ਸੱਤ, ਸਟੀਵ ਸਮਿਥ ਚਾਰ ਦੌੜਾਂ ਬਣਾ ਕੇ ਆਊਟ ਹੋਏ। ਗਲੇਨ ਮੈਕਸਵੈੱਲ ਨੇ ਦੋ ਨਾਬਾਦ ਦੌੜਾਂ ਬਣਾਈਆਂ।
ਆਸਟ੍ਰੇਲੀਆ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ। ਇਸ ਦੇ ਨਾਲ ਹੀ ਭਾਰਤ ਦਾ ਤੀਜੀ ਵਾਰ ਟਰਾਫੀ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਸ ਨੇ ਟੂਰਨਾਮੈਂਟ ਵਿੱਚ ਲਗਾਤਾਰ 10 ਮੈਚ ਜਿੱਤੇ, ਪਰ ਟੀਮ 11ਵੇਂ ਮੈਚ ਵਿੱਚ ਪਛੜ ਗਈ। ਭਾਰਤ ਨੂੰ ਦੂਜੀ ਵਾਰ ਆਸਟ੍ਰੇਲੀਆ ਦੇ ਖਿਲਾਫ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਖਰੀ ਵਾਰ ਰਿਕੀ ਪੋਂਟਿੰਗ ਦੀ ਕਪਤਾਨੀ ਵਾਲੀ ਟੀਮ 2003 'ਚ ਹਾਰੀ ਸੀ।
ਕੋਹਲੀ ਅਤੇ ਰਾਹੁਲ ਨੇ ਅਰਧ ਸੈਂਕੜੇ ਲਗਾਏ
ਇਸ ਤੋਂ ਪਹਿਲਾਂ ਭਾਰਤ ਲਈ ਕੇਐਲ ਰਾਹੁਲ ਨੇ ਸਭ ਤੋਂ ਵੱਧ 66 ਅਤੇ ਵਿਰਾਟ ਕੋਹਲੀ ਨੇ 54 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 47 ਦੌੜਾਂ ਅਤੇ ਸੂਰਿਆਕੁਮਾਰ ਯਾਦਵ ਨੇ 18 ਦੌੜਾਂ ਬਣਾਈਆਂ। ਕੁਲਦੀਪ ਯਾਦਵ ਨੇ 10 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਪੰਜ ਖਿਡਾਰੀਆਂ ਤੋਂ ਇਲਾਵਾ ਕੋਈ ਵੀ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕਿਆ। ਰਵਿੰਦਰ ਜਡੇਜਾ ਨੌਂ, ਮੁਹੰਮਦ ਸ਼ਮੀ ਛੇ, ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿੱਲ ਚਾਰ-ਚਾਰ ਦੌੜਾਂ ਬਣਾ ਕੇ ਆਊਟ ਹੋਏ। ਜਸਪ੍ਰੀਤ ਬੁਮਰਾਹ ਸਿਰਫ਼ ਇੱਕ ਦੌੜ ਹੀ ਬਣਾ ਸਕਿਆ। ਮੁਹੰਮਦ ਸਿਰਾਜ ਨੌਂ ਦੌੜਾਂ ਬਣਾ ਕੇ ਅਜੇਤੂ ਰਹੇ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਨੂੰ ਦੋ-ਦੋ ਸਫਲਤਾਵਾਂ ਮਿਲੀਆਂ। ਗਲੇਨ ਮੈਕਸਵੈੱਲ ਅਤੇ ਐਡਮ ਜ਼ੈਂਪਾ ਨੇ ਇਕ-ਇਕ ਵਿਕਟ ਲਈ।
ਭਾਰਤੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਆਲ ਆਊਟ ਹੋਈ ਸੀ
ਭਾਰਤ ਲਈ ਇਸ ਮੈਚ ਵਿੱਚ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਨੇ ਚੌਥੀ ਵਿਕਟ ਲਈ 67 ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਦੂਜੀ ਵਿਕਟ ਲਈ 46 ਦੌੜਾਂ ਜੋੜੀਆਂ। ਰੋਹਿਤ, ਕੋਹਲੀ ਅਤੇ ਰਾਹੁਲ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ। ਸ਼੍ਰੇਅਸ ਅਈਅਰ, ਸ਼ੁਭਮਨ ਗਿੱਲ, ਸੂਰਿਆਕੁਮਾਰ ਵੱਡੇ ਪਲ 'ਤੇ ਅਸਫਲ ਰਹੇ। ਭਾਰਤ ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਆਲ ਆਊਟ ਹੋਇਆ ਹੈ ਅਤੇ ਮੈਚ ਵੀ ਹਾਰ ਗਿਆ ਹੈ।