ਪਿੰਡ ਦੇ ਲੋਕਾਂ ਨੇਂ ਸਰਪੰਚ ਉੱਪਰ ਲਗਾਏ ਗ੍ਰਾਂਟ ਦੀ ਘਪਲੇਬਾਜ਼ੀ ਦੇ ਆਰੋਪ; ਪੰਚਾਇਤ ਰਾਜ ਵਿਭਾਗ ਨੇ ਜਾਂਚ ਕੀਤੀ ਸ਼ੁਰੂ

ਗੁਰਦਾਸਪੁਰ ਦੇ ਪਿੰਡ ਸਰਾਵਾਂ ਦੇ ਮੌਜੂਦਾ ਸਰਪੰਚ ਉੱਪਰ ਪਿੰਡ ਵਾਸੀਂਆ ਵੱਲੋਂ ਸਰਕਾਰੀ ਗ੍ਰਾਂਟ ਵਿੱਚ 2 ਕਰੋੜ ਦਾ ਘਪਲਾ ਕਰਨ ਦੇ ਦੋਸ਼ ਲਗਾਏ ਹਨ।

By  Shameela Khan September 10th 2023 11:42 AM -- Updated: September 10th 2023 12:05 PM

ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਇਹ ਕਹਿ ਕੇ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸ਼ਨ ਕਿ ਪਿੰਡਾਂ ਵਿੱਚ ਸਰਪੰਚਾਂ ਨੇ ਸਰਕਾਰੀ ਗ੍ਰਾਂਟ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਕੀਤੀ ਹੈ ਪਰ ਬਾਅਦ ਵਿੱਚ ਅਦਾਲਤ ਦੇ ਦਖ਼ਲ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਇਹ ਫ਼ੈਸਲਾ ਵਾਪਸ ਲੈ ਲਿਆ ਸੀ। ਹੁਣ ਗੁਰਦਾਸਪੁਰ ਦਾ ਪਿੰਡ ਸਰਾਵਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਪਿੰਡ ਵਾਸੀਆਂ ਨੇ ਪਿੰਡ ਦੇ ਮੌਜੂਦਾ ਸਰਪੰਚ ਉੱਪਰ ਸਰਕਾਰੀ ਗ੍ਰਾਂਟ ਵਿੱਚ 2 ਕਰੋੜ ਦਾ ਘਪਲਾ ਕਰਨ ਦੇ ਦੋਸ਼ ਲਗਾਏ ਹਨ।

 ਦੂਜੇ ਪਾਸੇ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸਨੇ ਕਿਸੇ ਤਰ੍ਹਾਂ ਦੀ ਘਪਲੇਬਾਜ਼ੀ ਨਹੀਂ ਕੀਤੀ ਅਤੇ ਪਿੰਡ ਦੀ ਪੰਚਾਇਤ ਦਾ ਸਰਕਾਰੀ ਰਿਕਾਰਡ ਉਸ ਤੋਂ ਗੁੰਮ ਹੋ ਗਿਆ ਹੈ ਜਿਸਦੀ ਉਸਨੇ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਇਹ ਸਾਰੇ ਮਾਮਲੇ ਦੀ ਜਾਂਚ ਪੜਤਾਲ ਪੰਚਾਇਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ


ਜਾਣਕਾਰੀ ਦਿੰਦੇ ਹੋਏ ਪਿੰਡ ਸਰਾਵਾਂ ਦੇ ਲੋਕਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਸੀ ਪਰ ਪਿੰਡ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਨੇ ਪਿੰਡ ਦੇ ਵਿਕਾਸ ਤੇ ਕੋਈ ਪੈਸਾ ਨਹੀਂ ਖਰਚਿਆ ਅਤੇ ਪਿੰਡ ਦੀ ਪੰਚਾਇਤੀ ਜਮੀਨ ਦੀ ਬੋਲੀ ਦੇ ਪੈਸੇ ਵੀ ਖ਼ੁਰਦ ਬੁਰਦ ਕੀਤੇ ਗਏ ਹਨ ਜਿਸ ਕਰਕੇ ਪਿੰਡ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ।

 ਉਨ੍ਹਾਂ ਕਿਹਾ ਕਿ ਸਰਕਾਰੀ ਗ੍ਰਾਂਟ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਪੈਸੇ ਮਿਲਾ ਕੇ 2 ਕਰੋੜ ਰੁਪਏ ਦਾ ਘਪਲਾ ਪਿੰਡ ਦੀ ਪੰਚਾਇਤ ਵਿੱਚ ਹੋਇਆ ਹੈ ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੰਚਾਇਤ ਵਿਭਾਗ ਨੂੰ ਵੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਆਰ.ਟੀ.ਆਈ ਪਾ ਕੇ ਪੰਚਾਇਤ ਦਾ ਸਰਕਾਰੀ ਰਿਕਾਰਡ ਵੀ ਸਰਪੰਚ ਤੋ ਮੰਗਿਆ ਗਿਆ ਸੀ ਪਰ ਸਰਪੰਚ ਵੱਲੋਂ ਰਿਕਾਰਡ ਪੇਸ਼ ਨਹੀਂ ਕੀਤਾ ਜਾ ਰਿਹਾ।

ਜਦੋਂ ਇਸ ਬਾਰੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਤੀਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸਰਪੰਚ ਦਾ ਕਹਿਣਾ ਹੈ ਕਿ ਪੁਰਾਣਾ ਰਿਕਾਰਡ ਗੁਮ ਹੋ ਚੁੱਕਾ ਹੈ‌ ਜਿਸਦੀ ਉਸ ਵਲੋਂ ਪੁਲਿਸ ਸ਼ਿਕਾਇਤ ਵੀ ਦਰਜ ਕਾਰਵਾਈ ਕਰਵਾਈ ਜਾ ਚੁੱਕੀ ਹੈ। ਨਵਾਂ ਰਿਕਾਰਡ ਜੋ ਉਪਲੱਬਧ ਹੈ, ਉਸਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਪੰਚਾਇਤੀ ਰਾਜ ਦੀ ਰਿਪੋਰਟ ਮਿਲਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 







 

     






Related Post