former Congress MLA Kushaldeep Singh : ਵਿਜੀਲੈਂਸ ਵੱਲੋਂ ਇਕ ਹੋਰ ਕਾਂਗਰਸ ਦੇ ਸਾਬਕਾ ਵਿਧਾਇਕ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਕ ਹੋਰ ਕਾਂਗਰਸ ਦੇ ਸਾਬਕਾ ਵਿਧਾਇਕ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖ਼ਿਲਾਫ਼ ਵੱਡੀ ਕਾਰਵਾਈ ਦੇ ਰੌਅ ਵਿਚ ਨਜ਼ਰ ਆ ਰਹੀ ਹੈ। ਵਿਜੀਲੈਂਸ ਦੀ ਇਕ ਟੀਮ ਨੇ ਕਿੱਕੀ ਢਿੱਲੋਂ ਦੇ ਫਾਰਮ ਹਾਊਸ ਉਤੇ ਤਲਾਸ਼ੀ ਮੁਹਿੰਮ ਵਿੱਢੀ। ਵਿਜੀਲੈਂਸ ਦੇ ਲਗਭਗ 12 ਮੁਲਾਜ਼ਮਾਂ ਨੇ ਨਿਊ ਚੰਡੀਗੜ੍ਹ ਦੇ ਨੇੜੇ ਸਿਸਵਾਂ ਵਿਖੇ ਬਣੇ ਆਲੀਸ਼ਾਨ ਫਾਰਮ ਵਿਲਾ ਦੀ ਪੈਮਾਇਸ਼ ਵੀ ਕੀਤੀ। ਇਸ ਤੋਂ ਇਲਾਵਾ ਵਿਜੀਲੈਂਸ ਦੇ ਮੁਲਾਜ਼ਮਾਂ ਵੱਲੋਂ ਹੋਰ ਵੀ ਜਾਂਚ ਕੀਤੀ ਗਈ।
ਕਾਬਿਲੇਗੌਰ ਹੈ ਕਿ ਜਨਵਰੀ ਦੇ ਆਖਰ ਵਿਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਵਿਭਾਗ ਵੱਲੋਂ ਕੁਸ਼ਲਦੀਪ ਢਿੱਲੋਂ ਨੂੰ ਵਿਜੀਲੈਂਸ ਵਿਭਾਗ ਦੇ ਦਫ਼ਤਰ ਬੁਲਾਇਆ ਗਿਆ ਸੀ, ਜਿਥੇ ਕਰੀਬ ਇਕ ਘੰਟਾ ਉਨ੍ਹਾਂ ਕੋਲੋਂ ਜਾਇਦਾਦ ਨੂੰ ਲੈ ਕੇ ਸਵਾਲ ਕੀਤੇ ਗਏ ਸਨ। ਸਾਬਕਾ ਵਿਧਾਇਕ ਕਿੱਕੀ ਢਿੱਲੋਂ ਆਪਣੇ ਆਮਦਨ ਟੈਕਸ ਦੇ ਵਕੀਲ ਨੂੰ ਨਾਲ ਲੈ ਕੇ ਵਿਜੀਲੈਂਸ ਦਫ਼ਤਰ ਪੁੱਜੇ ਸਨ। ਇਸ ਮੌਕੇ ਕਿੱਕੀ ਢਿੱਲੋਂ ਨੇ ਕਿਹਾ ਸੀ ਕਿ ਵਿਭਾਗ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ਕੋਲੋਂ ਆਮਦਨ ਦੇ ਸਰੋਤਾਂ ਬਾਰੇ ਸਵਾਲ ਕੀਤੇ ਗਏ ਤੇ ਨਾਲ ਹੀ ਕੁੱਝ ਜਾਣਕਾਰੀ ਮੰਗੀ ਗਈ ਸੀ, ਜਿਸ ਨੂੰ ਉਹ ਕੁਝ ਸਮੇਂ ਤੱਕ ਜਮ੍ਹਾਂ ਕਰਵਾਉਣਗੇ।
ਇਹ ਵੀ ਪੜ੍ਹੋ : Deputy CM Manish Sisodia : ਗ੍ਰਿਫ਼ਤਾਰੀ ਤੇ ਸੀਬੀਆਈ ਜਾਂਚ ਖ਼ਿਲਾਫ਼ ਮਨੀਸ਼ ਸਿਸੋਦੀਆ ਸੁਪਰੀਮ ਕੋਰਟ ਪੁੱਜੇ, ਅੱਜ ਹੋਵੇਗੀ ਸੁਣਵਾਈ
ਇਸ ਮੌਕੇ ਵਿਜੀਲੈਂਸ ਦੇ ਡੀਐੱਸਪੀ ਜਸਵਿੰਦਰ ਸਿੰਘ ਨੇ ਦੱਸਿਆ ਸੀ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਇਕ ਸ਼ਿਕਾਇਤ ਦੇ ਆਧਾਰ ਉਤੇ ਸਾਬਕਾ ਵਿਧਾਇਕ ਨੂੰ ਤਲਬ ਕੀਤਾ ਗਿਆ ਸੀ, ਜਿਨ੍ਹਾਂ ਤੋਂ ਅਸੀਂ ਕੁਝ ਦਸਤਾਵੇਜ਼ ਮੰਗੇ ਸਨ, ਜਿਨ੍ਹਾਂ ਨੂੰ ਹਫ਼ਤੇ 'ਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ।