ਬੈਂਕ ਕਰਜ਼ਾ ਧੋਖਾਧੜੀ ਮਾਮਲੇ 'ਚ ਵੀਡੀਓਕਾਨ ਦੇ ਮੋਢੀ ਵੇਣੂਗੋਪਾਲ ਧੂਤ ਨੂੰ ਮਿਲੀ ਅੰਤਰਿਮ ਜ਼ਮਾਨਤ
ਨਵੀਂ ਦਿੱਲੀ : ਵੀਡੀਓਕਾਨ ਗਰੁੱਪ ਦੇ ਸੰਸਥਾਪਕ ਵੇਣੂਗੋਪਾਲ ਧੂਤ ਨੂੰ ਆਈਸੀਆਈਸੀਆਈ ਬੈਂਕ ਕਰਜ਼ੇ ਘੁਟਾਲੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਬੰਬੇ ਹਾਈ ਕੋਰਟ ਨੇ ਵੇਣੂਗੋਪਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਸੀਬੀਆਈ ਨੇ ਉਸ ਨੂੰ ਪਿਛਲੇ ਸਾਲ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਉਸ ਨੂੰ ਸੀਬੀਆਈ ਨੇ 26 ਦਸੰਬਰ 2022 ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ, ਬੰਬੇ ਹਾਈ ਕੋਰਟ ਨੇ ਵੀਡੀਓਕਾਨ-ਆਈਸੀਆਈਸੀਆਈ ਬੈਂਕ ਲੋਨ ਮਾਮਲੇ ਵਿੱਚ ਵੀਡੀਓਕਾਨ ਸਮੂਹ ਦੇ ਚੇਅਰਮੈਨ ਵੇਣੂਗੋਪਾਲ ਧੂਤ ਦੁਆਰਾ ਦਾਇਰ ਇਕ ਰਿੱਟ ਪਟੀਸ਼ਨ 'ਤੇ 13 ਜਨਵਰੀ ਨੂੰ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। ਉਨ੍ਹਾਂ ਨੇ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਪਟੀਸ਼ਨ ਦਾਖ਼ਲ ਕੀਤੀ ਸੀ।
ਵੀਡੀਓਕਾਨ ਗਰੁੱਪ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਦੇ ਵਕੀਲ ਨੇ ਸ਼ੁੱਕਰਵਾਰ (13 ਜਨਵਰੀ) ਨੂੰ ਬੰਬੇ ਹਾਈ ਕੋਰਟ ਦੇ ਸਾਹਮਣੇ ਦਲੀਲ ਦਿੱਤੀ ਕਿ ਆਈਸੀਆਈਸੀਆਈ ਬੈਂਕ ਲੋਨ ਧੋਖਾਧੜੀ ਮਾਮਲੇ ਵਿੱਚ ਉਦਯੋਗਪਤੀ ਦੀ ਗ੍ਰਿਫਤਾਰੀ ਗੈਰ-ਵਾਜਬ ਸੀ ਕਿਉਂਕਿ ਉਹ ਜਾਂਚ ਵਿੱਚ ਸਹਿਯੋਗ ਕਰ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ NIA ਦੀ ਛਾਪੇਮਾਰੀ
ਦੂਜੇ ਪਾਸੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਾਅਵਾ ਕੀਤਾ ਸੀ ਕਿ ਧੂਤ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਧੂਤ ਨੂੰ ਸੀਬੀਆਈ ਨੇ 26 ਦਸੰਬਰ 2022 ਨੂੰ ਗ੍ਰਿਫਤਾਰ ਕੀਤਾ ਸੀ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹੈ। ਧੂਤ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਆਪਣੇ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਅੰਤਰਿਮ ਜ਼ਮਾਨਤ ਵੀ ਮੰਗੀ ਸੀ।