CISF officer manhandled: ਏਅਰਲਾਈਨਜ਼ ਦੀ ਮਹਿਲਾ ਮੁਲਾਜ਼ਮ ਨੇ CISF ਜਵਾਨ ਨੂੰ ਜੜਿਆ ਥੱਪੜ, ਦੇਖੋ ਵੀਡੀਓ

ਰਾਜਸਥਾਨ ਦੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਡਿਊਟੀ 'ਤੇ ਤਾਇਨਾਤ ਸੀਆਈਐਸਐਫ ਜਵਾਨ ਨੂੰ ਸਪਾਈਸਜੈੱਟ ਏਅਰਲਾਈਨਜ਼ ਦੀ ਮਹਿਲਾ ਸਟਾਫ ਮੈਂਬਰ ਨੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਏਅਰਪੋਰਟ ਪੁਲਿਸ ਨੇ ਮਹਿਲਾ ਕਰਮਚਾਰੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ।

By  Dhalwinder Sandhu July 12th 2024 10:41 AM -- Updated: July 12th 2024 12:48 PM

Spicejet Worker Slapped CISF Officer: ਏਅਰਪੋਰਟ 'ਤੇ ਥੱਪੜ ਮਾਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਜਾਂਚ ਨੂੰ ਲੈ ਕੇ ਬਹਿਸ ਦੌਰਾਨ ਸਪਾਈਸ ਜੈੱਟ ਦੀ ਇੱਕ ਮਹਿਲਾ ਕਰਮਚਾਰੀ ਨੇ ਸੀਆਈਐਸਐਫ ਦੇ ਇੱਕ ਜਵਾਨ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦਰਅਸਲ, ਸਪਾਈਸਜੈੱਟ ਦੀ ਫੂਡ ਸੁਪਰਵਾਈਜ਼ਰ ਅਨੁਰਾਧਾ ਰਾਣੀ ਨੂੰ ਸਵੇਰੇ 4 ਵਜੇ ਦੇ ਕਰੀਬ ਸਹਾਇਕ ਸਬ-ਇੰਸਪੈਕਟਰ ਗਿਰੀਰਾਜ ਪ੍ਰਸਾਦ ਨੇ ਜੈਪੁਰ ਹਵਾਈ ਅੱਡੇ ਦੇ ਗੇਟ 'ਤੇ ਰੋਕਿਆ ਸੀ। ਦੱਸਿਆ ਗਿਆ ਕਿ ਉਸ ਕੋਲ ਵਾਹਨ ਦਾ ਗੇਟ ਵਰਤਣ ਦੀ ਇਜਾਜ਼ਤ ਨਹੀਂ ਸੀ। ਪੁਲਿਸ ਅਤੇ ਸੀਆਈਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਏਅਰਲਾਈਨ ਦੇ ਕਰਮਚਾਰੀਆਂ ਨੂੰ ਦੂਜੇ ਗੇਟ ਰਾਹੀਂ ਜਾਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਅਨੁਰਾਧਾ ਰਾਣੀ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਫਿਲਹਾਲ ਜਾਂਚ ਚੱਲ ਰਹੀ ਹੈ।


ਏਅਰਲਾਈਨ ਜਿਨਸੀ ਸ਼ੋਸ਼ਣ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇਗੀ

ਹਾਲਾਂਕਿ ਇਸ ਮਾਮਲੇ 'ਚ ਸਪਾਈਸਜੈੱਟ ਨੇ ਆਪਣੇ ਕਰਮਚਾਰੀਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਸਪਾਈਸਜੈੱਟ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਰਮਚਾਰੀ ਕੋਲ ਐਂਟਰੀ ਲਈ ਵੈਧ ਏਅਰਪੋਰਟ ਐਂਟਰੀ ਪਾਸ ਸੀ। ਇਸ ਤੋਂ ਬਾਅਦ ਵੀ ਸੀਆਈਐਸਐਫ ਅਧਿਕਾਰੀਆਂ ਨੇ ਉਸ ਨਾਲ ਭੱਦੀ ਭਾਸ਼ਾ ਵਰਤੀ। ਇੰਨਾ ਹੀ ਨਹੀਂ ਸੀਆਈਐਸਐਫ ਦੇ ਜਵਾਨਾਂ ਨੇ ਮਹਿਲਾ ਨੂੰ ਡਿਊਟੀ ਤੋਂ ਬਾਅਦ ਉਸ ਦੇ ਘਰ ਆਉਣ ਅਤੇ ਮਿਲਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਪਾਈਸਜੈੱਟ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸੀਆਈਐਸਐਫ ਦੇ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਘਟਨਾ ਬਾਰੇ CISF ਦਾ ਕੀ ਕਹਿਣਾ ਹੈ?

ਜਵਾਨ ਗਿਰੀਰਾਜ ਨੇ ਦੱਸਿਆ ਕਿ ਅਨੁਰਾਧਾ ਜੈਪੁਰ ਏਅਰਪੋਰਟ ਦੇ ਏਅਰ ਸਾਈਡ 'ਤੇ ਵਾਹਨ ਗੇਟ ਤੋਂ ਲੰਘਣਾ ਚਾਹੁੰਦੀ ਸੀ, ਇਸ ਦੌਰਾਨ ਕੋਈ ਮਹਿਲਾ ਅਧਿਕਾਰੀ ਗੇਟ ਉੱਤੇ ਮੌਜੂਦ ਨਹੀਂ ਸੀ ਤੇ ਉਸਨੇ ਅਨੁਰਾਧਾ ਰਾਣੀ ਨੂੰ ਇੰਤਜ਼ਾਰ ਕਰਨ ਲਈ ਕਿਹਾ, ਫਿਰ ਅਨੁਰਾਧਾ ਰਾਣੀ ਜਲਦੀ ਏਅਰਪੋਰਟ ਦੇ ਅੰਦਰ ਜਾਣ ਦੀ ਜ਼ਿੱਦ ਕਰਨ ਲੱਗੀ, ਜਦੋਂ ਅਧਿਕਾਰੀ ਨੇ ਰੋਕਿਆ ਤਾਂ ਉਸ ਨੇ ਉਸਦੇ ਥੱਪੜ ਜੜ੍ਹ ਦਿੱਤਾ। ਸਾਰੀ ਘਟਨਾ ਤੋਂ ਬਾਅਦ ਸੀਆਈਐਸਐਫ ਦੇ ਸੀਆਈ ਨੇ ਏਅਰਪੋਰਟ ਥਾਣੇ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮ ਅਨੁਰਾਧਾ ਰਾਣੀ ਨੂੰ ਹਿਰਾਸਤ ਵਿੱਚ ਲੈ ਲਿਆ।

ਇਹ ਵੀ ਪੜ੍ਹੋ: Punjab Weather: ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਕਈ ਥਾਈਂ ਪੈ ਰਿਹਾ ਮੀਂਹ

Related Post