ਉੱਤਰਾਖੰਡ ਸੁਰੰਗ ਹਾਦਸਾ: ਫਸੇ ਮਜ਼ਦੂਰਾਂ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਸਾਹਮਣੇ ਆਈਆਂ ਤਸਵੀਰਾਂ 'ਚ ਸੁਰੰਗ 'ਚ ਫਸੇ ਮਜ਼ਦੂਰ ਸੁਰੱਖਿਆ ਹੈਲਮੇਟ ਪਹਿਨੇ ਨਜ਼ਰ ਆ ਰਹੇ ਹਨ।

ਪੀਟੀਸੀ ਨਿਊਜ਼ ਡੈਸਕ: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸਿਲਕਿਆਰਾ ਸੁਰੰਗ ਦਾ ਇੱਕ ਹਿੱਸਾ ਡਿੱਗਣ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਇਸ ਵਿੱਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਅਜੇ ਵੀ ਯਤਨ ਜਾਰੀ ਹਨ। ਇਸ ਦੌਰਾਨ ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਸੁਰੰਗ 'ਚ ਫਸੇ ਮਜ਼ਦੂਰ ਸੁਰੱਖਿਆ ਹੈਲਮੇਟ ਪਹਿਨੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਪਹਿਲੀ ਵਾਰ ਗਰਮ ਭੋਜਨ ਭੇਜਿਆ ਗਿਆ।
ਇਹ ਵੀ ਪੜ੍ਹੋ: ਉੱਤਰਕਾਸ਼ੀ ਸੁਰੰਗ ਬਣਾਉਣ ਵੇਲੇ ਸਾਹਮਣੇ ਆਈ ਵੱਡੀ ਲਾਪਰਵਾਹੀ; ਯੋਜਨਾ ਮਗਰੋਂ ਵੀ ਨਹੀਂ ਬਣਾਇਆ ਐਮਰਜੈਂਸੀ ਨਿਕਾਸੀ ਦਾ ਰਸਤਾ
ਤਲਾਂ ਵਿੱਚ ਭੇਜੀ ਗਰਮ ਖਿਚੜੀ
41 ਮਜ਼ਦੂਰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਸੁਰੰਗ ਵਿੱਚ ਫਸੇ ਹੋਏ ਹਨ। ਬਚਾਅ ਟੀਮ ਅਜੇ ਤੱਕ ਉਨ੍ਹਾਂ ਨੂੰ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਉਪਰੋਂ ਬਹੁਤ ਜ਼ਿਆਦਾ ਮਲਬਾ ਅਤੇ ਮਿੱਟੀ ਦੱਬਣ ਕਾਰਨ ਬਚਾਅ ਕਾਰਜ ਵਿੱਚ ਮੁਸ਼ਕਲ ਆ ਰਹੀ ਹੈ। ਇਸ ਦੌਰਾਨ ਸੋਮਵਾਰ (20 ਨਵੰਬਰ) ਨੂੰ ਨਵੀਂ 6 ਇੰਚ ਦੀ ਪਾਈਪਲਾਈਨ ਪਹਿਲੀ ਵਾਰ ਇਨ੍ਹਾਂ ਮਜ਼ਦੂਰਾਂ ਤੱਕ ਠੋਸ ਭੋਜਨ ਪਹੁੰਚਾਉਣ ਵਿੱਚ ਸਫਲ ਰਹੀ। ਬਚਾਅ ਟੀਮ ਨੇ ਇਸ ਪਾਈਪ ਰਾਹੀਂ ਇਨ੍ਹਾਂ ਮਜ਼ਦੂਰਾਂ ਨੂੰ ਬੋਤਲਾਂ ਵਿੱਚ ਗਰਮ ਖਿਚੜੀ ਭੇਜੀ। ਇੰਨੇ ਦਿਨਾਂ ਤੋਂ ਸਹੀ ਭੋਜਨ ਨਾ ਮਿਲਣ ਕਾਰਨ ਉਹ ਕਮਜ਼ੋਰ ਹੋ ਗਏ ਹਨ।
ਹੇਮੰਤ ਨਾਂ ਦੇ ਰਸੋਈਏ ਨੇ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਲਈ ਖਿਚੜੀ ਤਿਆਰ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਮਜ਼ਦੂਰਾਂ ਨੂੰ ਗਰਮ ਭੋਜਨ ਭੇਜਿਆ ਜਾ ਰਿਹਾ ਹੈ। ਹੇਮੰਤ ਨੇ ਏ.ਐਨ.ਆਈ ਨੂੰ ਦੱਸਿਆ, "ਅਸੀਂ ਸਿਰਫ਼ ਖਿਚੜੀ ਭੇਜ ਰਹੇ ਹਾਂ। ਸਾਨੂੰ ਸਿਰਫ਼ ਉਹੀ ਖਾਣਾ ਪਕਾਉਣਾ ਹੈ ਜੋ ਸਾਨੂੰ ਸਿਫ਼ਾਰਸ਼ ਕੀਤਾ ਗਿਆ ਹੈ।"
12 ਨਵੰਬਰ ਨੂੰ ਵਾਪਰਿਆ ਸੀ ਇਹ ਹਾਦਸਾ
ਬ੍ਰਹਮਾਖਲ-ਯਮੁਨੋਤਰੀ ਹਾਈਵੇਅ 'ਤੇ ਨਿਰਮਾਣ ਅਧੀਨ 4.5 ਕਿਲੋਮੀਟਰ ਲੰਬੀ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਡਿੱਗ ਗਿਆ ਸੀ। ਚਾਰਧਾਮ ਪ੍ਰੋਜੈਕਟ ਦੇ ਤਹਿਤ ਇਹ ਸੁਰੰਗ ਬ੍ਰਹਮਾਖਲ ਅਤੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਸਿਲਕਿਆਰਾ ਅਤੇ ਦੰਦਲਗਾਓਂ ਦੇ ਵਿਚਕਾਰ ਬਣਾਈ ਜਾ ਰਹੀ ਹੈ। ਇਹ ਹਾਦਸਾ 12 ਨਵੰਬਰ ਨੂੰ ਸਵੇਰੇ 4 ਵਜੇ ਵਾਪਰਿਆ। ਸੁਰੰਗ ਦੇ ਐਂਟਰੀ ਪੁਆਇੰਟ ਦੇ 200 ਮੀਟਰ ਦੇ ਅੰਦਰ 60 ਮੀਟਰ ਤੱਕ ਮਿੱਟੀ ਧਸ ਗਈ, ਜਿਸ ਕਰਕੇ 41 ਮਜ਼ਦੂਰ ਅੰਦਰ ਫਸ ਗਏ।