ਅਮਰੀਕਾ: ਨਿਊਜਰਸੀ ਦੇ ਸਿੱਖ ਮੇਅਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੀਆਂ ਜਾਨਲੇਵਾ ਚਿੱਠੀਆਂ

By  Shameela Khan October 18th 2023 12:41 PM -- Updated: October 18th 2023 12:57 PM

 ਨਿਊਜਰਸੀ : ਅਮਰੀਕਾ ਦੇ ਨਿਊਜਰਸੀ ਦੇ ਹੋਬੋਕਨ ਸਿਟੀ ਦੇ ਸਿੱਖ ਮੇਅਰ ਰਵੀ ਭੱਲਾ ਨੂੰ ਨਫ਼ਰਤ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ ਹਨ। ਜਿਸ ਵਿੱਚ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਤਾਂ ਉਸਨੂੰ ਮਾਰ ਦਿੱਤਾ ਜਾਵੇਗਾ। 

ਰਵੀ ਭੱਲਾ, ਜੋ ਨਵੰਬਰ 2017 ਵਿੱਚ ਨਿਊ ਜਰਸੀ ਵਿੱਚ ਹੋਬੋਕੇਨ ਸਿਟੀ ਦੇ ਪਹਿਲੇ ਸਿੱਖ ਮੇਅਰ ਬਣੇ ਸਨ ਉਸਨੇ ਖੁਲਾਸਾ ਕੀਤਾ ਕਿ ਇੱਕ ਸਾਲ ਪਹਿਲਾਂ ਭੇਜੀ ਗਈ ਪਹਿਲੀ ਈਮੇਲ ਵਿੱਚ ਉਸਨੂੰ ਅਹੁਦਾ ਛੱਡਣ ਦੀ ਅਪੀਲ ਕੀਤੀ ਗਈ ਸੀ। ਦੂਜੀ ਈਮੇਲ ਉਸ ਦੀ ਜਾਨ ਦੇ ਖਿਲਾਫ਼ ਧਮਕੀਆਂ ਦੀ ਸੀ। ਪਰ ਇਹ ਤੀਜੀ ਈਮੇਲ ਸੀ ਜੋ ਖ਼ਾਸ ਤੌਰ 'ਤੇ ਚਿੰਤਾਜਨਕ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਸਨੇ ਅਸਤੀਫ਼ਾ ਨਹੀਂ ਦਿੱਤਾ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।



ਇਨ੍ਹਾਂ ਧਮਕੀਆਂ ਤੋਂ ਇਲਾਵਾ, ਭੱਲਾ ਦੇ ਗੁਆਂਢੀਆਂ, ਭਰਾ ਅਤੇ ਕੁਝ ਸਹਿਯੋਗੀਆਂ ਨੂੰ ਵੀ ਧਮਕੀਆਂ ਭਰੀ ਸਮੱਗਰੀ ਵਾਲੇ ਪੈਕੇਜ ਪ੍ਰਾਪਤ ਹੋਏ। ਦੱਸ ਦਈਏ ਧਮਕੀ ਭਰੀਆਂ ਈਮੇਲਾਂ ਦੇ ਪਿੱਛੇ ਵਿਅਕਤੀ ਅਣਪਛਾਤਾ ਹੈ। ਭੱਲਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਏਜੰਸੀਆਂ ਨੇ ਉਸਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕੀਤੀ ਹੈ। ਜਿਸ ਵਿੱਚ ਉਸਦੇ ਦੋ ਬੱਚਿਆਂ ਦੀ ਸੁਰੱਖਿਆ ਵੀ ਸ਼ਾਮਲ ਹੈ।

ਭੱਲਾ, ਜੋ ਕਿ ਹੋਬੋਕੇਨ ਵਿੱਚ 22 ਸਾਲਾਂ ਤੋਂ ਰਹਿ ਰਿਹਾ ਹੈ ਉਸਨੇ ਨਫ਼ਰਤ ਵਿਰੁੱਧ ਖੜ੍ਹੇ ਹੋਣ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਐਲਾਨ ਕੀਤਾ ਕਿ ਉਹ ਸਿੱਖ ਪਿਛੋਕੜ ਵਾਲੇ ਅਮਰੀਕੀ ਵਜੋਂ ਸ਼ਹਿਰ ਦੀ ਅਗਵਾਈ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਐਫ.ਬੀ.ਆਈ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 2022 ਵਿੱਚ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਦੀਆਂ 198 ਦਰਜ ਕੀਤੀਆਂ ਘਟਨਾਵਾਂ ਦੇ ਨਾਲ ਸਾਹਮਣੇ ਆਈਆਂ ਹਨ। 


Related Post