ਨਿਖਿਲ ਗੁਪਤਾ ਦੀ ਅਦਾਲਤ ਚ ਪੇਸ਼ੀ ਤੱਕ ਅਮਰੀਕੀ ਸਰਕਾਰ ਦਾ ਸਬੂਤ ਦੇਣ ਤੋਂ ਇਤਰਾਜ਼

By  Jasmeet Singh January 11th 2024 11:33 AM

ਪੀਟੀਸੀ ਨਿਊਜ਼ ਡੈਸਕ: ਅਮਰੀਕਾ ਵਿੱਚ ਨਿਊਯਾਰਕ ਦੀ ਇਕ ਅਦਾਲਤ ਨੇ ਨਿਖਿਲ ਗੁਪਤਾ ਦੀ ਪਟੀਸ਼ਨ 'ਤੇ ਅਮਰੀਕੀ ਸਰਕਾਰ ਤੋਂ ਸਬੂਤ ਮੰਗੇ ਹਨ। ਨਿਖਿਲ 'ਤੇ ਵੱਖਵਾਦੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਇਹ ਪਟੀਸ਼ਨ ਨਿਖਿਲ ਦੇ ਵਕੀਲਾਂ ਦੀ ਤਰਫੋਂ ਦਾਇਰ ਕੀਤੀ ਗਈ ਹੈ।

ਵਕੀਲਾਂ ਨੇ ਮੰਗ ਕੀਤੀ ਸੀ ਕਿ ਸਰਕਾਰ ਨਿਖਿਲ ਗੁਪਤਾ ਖ਼ਿਲਾਫ਼ ਸਬੂਤ ਮੁਹੱਈਆ ਕਰਵਾਏ। ਅਦਾਲਤ ਨੇ ਸਰਕਾਰ ਨੂੰ ਜਵਾਬ ਦੇਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ। ਨਿਖਿਲ ਗੁਪਤਾ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ।

ਉੱਥੇ ਹੀ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਨਿਊਯਾਰਕ ਦੀ ਅਦਾਲਤ 'ਚ ਗੁਪਤਾ ਦੀ ਪੇਸ਼ੀ ਦੌਰਾਨ ਹੀ ਬੇਨਤੀ ਕੀਤੀ ਗਈ ਜਾਣਕਾਰੀ ਦੇਣਗੇ।

ਇਹ ਵੀ ਪੜ੍ਹੋ: ਜਾਣੋ ਕੌਣ ਹੈ ਨਿਖਿਲ ਗੁਪਤਾ ਜਿਸ ’ਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦਾ ਲੱਗਿਆ ਇਲਜ਼ਾਮ

ਸੁਪਰੀਮ ਕੋਰਟ ਦਾ ਮਾਮਲੇ 'ਚ ਦਖ਼ਲ ਦੇਣ ਤੋਂ ਇਨਕਾਰ 

ਇਸ ਤੋਂ ਪਹਿਲਾਂ ਭਾਰਤ ਦੀ ਸੁਪਰੀਮ ਕੋਰਟ ਨੇ ਚੈੱਕ ਗਣਰਾਜ ਵਿੱਚ ਇੱਕ ਭਾਰਤੀ ਨਾਗਰਿਕ ਦੀ ਗ੍ਰਿਫ਼ਤਾਰੀ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰਦਿਆਂ, ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਾ ਇੱਕ "ਸੰਵੇਦਨਸ਼ੀਲ ਮੁੱਦਾ" ਹੈ ਜੋ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। 

ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਸੀ, ''ਅਸੀਂ ਸਿਰਫ਼ ਕੌਂਸੁਲਰ ਪਹੁੰਚ ਦਾ ਆਦੇਸ਼ ਦੇ ਸਕਦੇ ਸੀ ਪਰ ਉਸ ਨੂੰ ਇਹ ਮਿਲ ਗਿਆ ਹੈ। ਅਦਾਲਤ ਨੇ ਅੱਗੇ ਕਿਹਾ, "ਇਹ ਮਾਮਲਾ ਅੰਤਰਰਾਸ਼ਟਰੀ ਕਾਨੂੰਨ ਨਾਲ ਸਬੰਧਤ ਹੈ। ਸਾਨੂੰ ਵਿਦੇਸ਼ਾਂ ਵਿੱਚ ਅਦਾਲਤਾਂ ਦੇ ਅਧਿਕਾਰ ਖੇਤਰ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ।"

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ! ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਆਰੋਪੀ ਨਿਖਿਲ ਗੁਪਤਾ ਦੇ ਸੰਪਰਕ 'ਚ ਭਾਰਤ

ਨਿਖਿਲ ਦੇ ਵਕੀਲਾਂ ਨੇ 4 ਜਨਵਰੀ ਨੂੰ ਦਾਇਰ ਕੀਤੀ ਸੀ ਪਟੀਸ਼ਨ 

ਨਿਖਿਲ ਗੁਪਤਾ ਦੇ ਵਕੀਲਾਂ ਨੇ 4 ਜਨਵਰੀ 2024 ਨੂੰ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ। ਜਿਸ ਵਿੱਚ ਇਹ ਬੇਨਤੀ ਕੀਤੀ ਗਈ ਸੀ ਕਿ ਅਦਾਲਤ ਇੱਕ ਹੁਕਮ ਦਰਜ ਕਰੇ, ਜਿਸ ਵਿੱਚ ਸਰਕਾਰ ਨੂੰ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਸਬੂਤ ਬਚਾਅ ਪੱਖ ਦੇ ਵਕੀਲ ਨੂੰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ।

ਇਸ ਤੋਂ ਬਾਅਦ ਅਮਰੀਕੀ ਜ਼ਿਲ੍ਹਾ ਜੱਜ ਵਿਕਟਰ ਮੈਰੇਰੋ ਨੇ ਹੁਕਮ 'ਚ ਕਿਹਾ ਕਿ ਅਦਾਲਤ ਸਰਕਾਰ ਨੂੰ ਇਸ ਮੋਸ਼ਨ 'ਤੇ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੰਦੀ ਹੈ। ਸਰਕਾਰ ਕੋਲ ਇਸ ਲਈ ਸਿਰਫ਼ ਤਿੰਨ ਦਿਨ ਦਾ ਸਮਾਂ ਹੈ।

ਅਮਰੀਕੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਨਿਖਿਲ ਗੁਪਤਾ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚ ਰਿਹਾ ਸੀ। ਇਸ ਦੇ ਲਈ ਉਹ ਇੱਕ ਭਾਰਤੀ ਅਧਿਕਾਰੀ ਦੇ ਸੰਪਰਕ ਵਿੱਚ ਵੀ ਸੀ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਦੱਸ ਦੇਈਏ ਕਿ ਭਾਰਤ ਨੇ ਪੰਨੂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ 'ਤੇ ਪਹਿਲੀ ਵਾਰ ਬੋਲੇ ​​PM ਮੋਦੀ

ਅਮਰੀਕੀ ਏਜੰਸੀਆਂ ਦਾ ਗੁਪਤ ਅਧਿਕਾਰੀ ਸੀ ਹਿੱਟਮੈਨ 

ਅਮਰੀਕੀ ਨਿਆਂ ਵਿਭਾਗ ਮੁਤਾਬਕ 52 ਸਾਲਾ ਭਾਰਤੀ ਨਿਖਿਲ ਗੁਪਤਾ ਨੇ ਭਾਰਤ 'ਚ ਬੈਠੇ ਇਕ ਅਧਿਕਾਰੀ ਦੇ ਕਹਿਣ 'ਤੇ ਕਾਤਲ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਤਲਾਸ਼ੀ ਦੌਰਾਨ ਨਿਖਿਲ ਇੱਕ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਜੋ ਅਪਰਾਧੀਆਂ ਨਾਲ ਮੇਲ-ਜੋਲ ਰੱਖਦਾ ਸੀ। 

ਪਰ ਉਹ ਵਿਅਕਤੀ ਕਾਤਲ ਨਹੀਂ ਸਗੋਂ ਅਮਰੀਕੀ ਖ਼ੁਫ਼ੀਆ ਏਜੰਸੀਆਂ ਲਈ ਇੱਕ ਸਰੋਤ ਸੀ। ਉਸ ਨੇ ਨਿਖਿਲ ਗੁਪਤਾ ਨੂੰ ਹਿੱਟਮੈਨ ਕਹਿਣ ਵਾਲੇ ਵਿਅਕਤੀ ਨਾਲ ਮਿਲਾਇਆ। ਸਰੋਤ ਅਤੇ ਕਥਿਤ ਹਿੱਟਮੈਨ ਦੋਵੇਂ ਡਰੱਗ ਇਨਫੋਰਸਮੈਂਟ ਪ੍ਰਸ਼ਾਸਨ ਲਈ ਕੰਮ ਕਰ ਰਹੇ ਸਨ। ਮਤਲਬ ਹਿਟਮੈਨ ਵੀ ਅਮਰੀਕੀ ਏਜੰਸੀਆਂ ਦਾ ਅੰਡਰਕਵਰ ਅਫ਼ਸਰ ਸੀ।

ਇਹ ਵੀ ਪੜ੍ਹੋ: ਵੱਖਵਾਦੀ ਆਗੂ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਅਮਰੀਕਾ ਦੀ ਭਾਰਤ ਤੋਂ ਕੀ ਹੈ ਮੰਗ? ਇੱਥੇ ਜਾਣੋ

30 ਜੂਨ ਨੂੰ ਫੜਿਆ ਗਿਆ ਸੀ ਨਿਖਿਲ ਗੁਪਤਾ

ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ 30 ਜੂਨ 2023 ਨੂੰ ਗ੍ਰਿਫਤਾਰ ਕੀਤਾ ਸੀ। ਇਲਜ਼ਾਮ ਹੈ ਕਿ ਨਿਖਿਲ ਇੱਕ ਭਾਰਤੀ ਅਧਿਕਾਰੀ CC-1 ਨਾਲ ਮਿਲ ਕੇ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ 'ਤੇ ਕਤਲ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ। 

'CC-1' ਭਾਰਤੀ ਅਧਿਕਾਰੀ ਦਾ ਕੋਡ ਨਾਮ ਕਿਹਾ ਜਾਂਦਾ ਹੈ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਸੰਯੁਕਤ ਰਾਜ ਦੇ ਅਟਾਰਨੀ ਮੈਥਿਊ ਜੀ. ਓਲਸਨ ਨੇ ਕਿਹਾ ਕਿ ਜਿਨ੍ਹਾਂ ਇਲਜ਼ਾਮਾਂ ਤਹਿਤ ਨਿਖਿਲ ਗੁਪਤਾ ਹਿਰਾਸਤ ਵਿਚ ਹੈ, ਉਨ੍ਹਾਂ ਵਿਚ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ।

- ਨਿਊਜ਼ ਏਜੰਸੀ ANI ਦੇ ਸਹਿਯੋਗ ਨਾਲ 

Related Post