Hathras Accident : ਹਾਥਰਸ ਭਗਦੜ ਕਾਂਡ 'ਚ FIR ਦਰਜ, 'ਭੋਲੇ ਬਾਬਾ' ਦਾ ਨਹੀਂ ਹੈ ਨਾਮ

UP-Hathras stampede : ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ), 2023 ਦੀਆਂ ਧਾਰਾਵਾਂ 105, 110, 126 (2), 223 ਅਤੇ 238 ਦੇ ਤਹਿਤ ਭੋਲੇ ਬਾਬਾ ਦੇ ਮੁੱਖ ਸੇਵਾਦਾਰ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਅਤੇ ਧਾਰਮਿਕ ਸਮਾਗਮ ਦੇ ਹੋਰ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

By  KRISHAN KUMAR SHARMA July 3rd 2024 08:28 AM -- Updated: July 3rd 2024 08:42 AM

UP-Hathras stampede : ਯੂਪੀ ਪੁਲਿਸ ਨੇ ਹਾਥਰਸ ਭਗਦੜ ਮਾਮਲੇ ਵਿੱਚ ਐਫ਼ਆਈਆਰ ਦਰਜ ਕਰ ਲਈ ਹੈ, ਪਰ ਇਸ ਵਿੱਚ 'ਭੋਲੇ ਬਾਬਾ' ਦਾ ਨਾਮ ਨਹੀਂ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ), 2023 ਦੀਆਂ ਧਾਰਾਵਾਂ 105, 110, 126 (2), 223 ਅਤੇ 238 ਦੇ ਤਹਿਤ ਭੋਲੇ ਬਾਬਾ ਦੇ ਮੁੱਖ ਸੇਵਾਦਾਰ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਅਤੇ ਧਾਰਮਿਕ ਸਮਾਗਮ ਦੇ ਹੋਰ ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਐਫਆਈਆਰ 2 ਜੁਲਾਈ 2024 ਨੂੰ ਦੇਰ ਰਾਤ ਹਾਥਰਸ ਦੇ ਸਿਕੰਦਰਰਾਊ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ। ਇਹ ਐਫਆਈਆਰ ਬ੍ਰਜੇਸ਼ ਪਾਂਡੇ ਨਾਂ ਦੇ ਵਿਅਕਤੀ ਨੇ ਦਰਜ ਕਰਵਾਈ ਹੈ। ਐਫ਼ਆਈਆਰ ਵਿੱਚ ਮੁੱਖ ਸੇਵਾਦਾਰ ਦੱਸੇ ਜਾ ਰਹੇ ਦੇਵਪ੍ਰਕਾਸ਼ ਮਧੂਕਰ ਦਾ ਨਾਮ ਦਰਜ ਹੈ, ਜੋ ਕਿ ਹਾਥਰਸ ਦੇ ਸਿਕੰਦਰਰਾਊ ਦੇ ਦਾਮਾਦਪੁਰਾ ਵਿੱਚ ਰਹਿੰਦਾ ਹੈ।

ਦੱਸ ਦਈਏ ਕਿ ਬੀਤੇ ਦਿਨ ਹਾਥਰਸ ਵਿੱਚ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ 116 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਸਤਿਸੰਗ ਸਿਕੰਦਰ ਰਾਉ ਦੇ ਫੁੱਲਰਾਏ ਦੇ ਰਤੀਭਾਨਪੁਰ ਵਿਖੇ ਕਰਵਾਇਆ ਜਾ ਰਿਹਾ ਸੀ, ਜਿਸ ਦੌਰਾਨ ਅਚਾਨਕ ਭਗਦੜ ਮੱਚ ਗਈ। ਅਲੀਗੜ੍ਹ ਦੇ ਕਮਿਸ਼ਨਰ ਚੈਤਰਾ ਵੀ ਨੇ ਕਿਹਾ ਕਿ 116 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। 18 ਲੋਕ ਜ਼ਖਮੀ ਹਨ। ਅਲੀਗੜ੍ਹ ਜ਼ਿਲ੍ਹੇ ਵਿੱਚ ਜ਼ਖਮੀਆਂ ਦਾ ਇਲਾਜ ਜਾਰੀ ਹੈ।

ਮਾਮਲੇ ਦੀ ਜਾਂਚ ਲਈ ਬਣਾਈ ਜਾਵੇਗੀ ਉਚ ਪੱਧਰੀ ਕਮੇਟੀ : ਮੰਤਰੀ ਅਸੀਮ

ਹਾਦਸੇ 'ਤੇ ਮੰਤਰੀ ਅਸੀਮ ਅਰੁਣ ਨੇ ਕਿਹਾ ਕਿ ਇਸ ਸਮੇਂ ਸਾਡੀ ਤਰਜੀਹ ਜ਼ਖਮੀਆਂ ਦਾ ਸਹੀ ਇਲਾਜ ਹੈ। ਮੈਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਜ਼ਖਮੀਆਂ ਦੇ ਇਲਾਜ ਬਾਰੇ ਅਪਡੇਟ ਲੈ ਰਿਹਾ ਹਾਂ। ਸਤਿਸੰਗ ਦੇ ਆਯੋਜਨ ਤੋਂ ਪਹਿਲਾਂ ਇਹ ਕਹਿ ਕੇ ਇਜਾਜ਼ਤ ਲਈ ਗਈ ਸੀ ਕਿ ਕਿੰਨੇ ਸ਼ਰਧਾਲੂ ਆਉਣਗੇ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਉਹ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਘਟਨਾ ਦੇ ਸਮੇਂ ਕਿੰਨੇ ਸ਼ਰਧਾਲੂ ਮੌਜੂਦ ਸਨ।

ਉਧਰ, ਮੁੱਖ ਸਕੱਤਰ ਮਨੋਜ ਸਿੰਘ ਅਤੇ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਟੈਲੀਫੋਨ ਰਾਹੀਂ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਘਟਨਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਜਾਵੇਗਾ।

Related Post