ਅਨੋਖਾ ਪ੍ਰਦਰਸ਼ਨ: ਸੰਗਰੂਰ 'ਚ ਕੰਪਿਊਟਰ ਅਧਿਆਪਕਾਂ ਨੇ ਮੰਗਾਂ ਨੂੰ ਲੈ ਕੇ ਲਗਾਏ ਪੋਸਟਰ
ਸੰਗਰੂਰ: ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਵੱਡੇ ਪੋਸਟਰ ਲਗਾਏ ਹਨ। ਪਿਛਲੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਡੰਗ ਟਪਾਊ ਨੀਤੀ ਤੋਂ ਤੰਗ ਆ ਕੇ ਹੁਣ ਆਰ-ਪਾਰ ਦੀ ਲੜਾਈ ਲੜਨ ਦਾ ਮਨ ਬਣਾ ਲਿਆ ਹੈ। ਸੋਸ਼ਲ ਮੀਡੀਆ ਦੇ ਨਾਲ ਨਾਲ ਵੱਖ ਵੱਖ ਢੰਗ ਤਰੀਕਿਆਂ ਦੇ ਨਾਲ ਕੰਪਿਊਟਰ ਅਧਿਆਪਕ ਆਪਣੇ ਜਾਇਜ਼ ਹੱਕਾਂ ਦੇ ਲਈ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾ ਰਹੇ ਹਨ।
ਸੂਬੇ ਭਰ ਦੇ ਸ਼ਹਿਰਾਂ ਵਿੱਚ ਮੰਗਾਂ ਨੂੰ ਲੈ ਕੇ ਲੱਗਣਗੇ ਪੋਸਟਰ
ਸੂਭੇ ਭਰ ਦੇ ਕੰਪਿਊਟਰ ਅਧਿਆਪਕਾਂ ਦੀ ਸਾਂਝੀ ਜਥੇਬੰਦੀ ਕੰਪਿਊਟਰ ਅਧਿਆਪਕ ਦੇ ਸੂਬਾ ਕਨਵੀਨਰ ਪ੍ਰਦੀਪ ਕੁਮਾਰ ਮਲੂਕਾ, ਪਰਮਵੀਰ ਸਿੰਘ ਪੰਮੀ ਅਤੇ ਰਾਜਵੰਤ ਕੌਰ ਨੇ ਪੋਸਟਰ ਲਗਾਉਣ ਸੰਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੰਘਰਸ਼ ਦੇ ਅਗਲੇ ਪੜਾਅ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਸੂਬੇ ਭਰ ਵਿੱਚ ਉਨ੍ਹਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਦਰਸਾਉਂਦੇ ਹੋਰਡਿੰਗਜ਼ ਮੁੱਖ ਮਾਰਗਾਂ ਅਤੇ ਚੌਰਾਹਿਆ ਤੇ ਲਗਾਏ ਜਾ ਰਹੇ ਹਨ। ਸੰਗਰੂਰ ਵਿੱਚ ਪਹਿਲਾ ਪੋਸਟਰ ਲਗਾਇਆ ਗਿਆ ਹੈ।
ਹਰਜੋਤ ਸਿੰਘ ਬੈਂਸ ਨੇ ਵੋਟਾਂ ਤੋਂ ਪਹਿਲਾ ਕੀਤਾ ਸੀ ਵਾਅਦਾ
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ 100 ਤੋਂ ਵਧੇਰੇ ਕੰਪਿਊਟਰ ਅਧਿਆਪਕਾਂ ਦੀ ਵੱਖ-ਵੱਖ ਕਾਰਨਾ ਕਰਕੇ ਮੌਤ ਵੀ ਹੋ ਚੁੱਕੀ ਹੈ ਪਰ ਸਰਕਾਰ ਨੇ ਕਦੇ ਵੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਾਰ ਨਹੀਂ ਲਈ ਅਤੇ ਅੱਜ ਹਾਲਾਤ ਇਹ ਹਨ ਕਿ ਇਨ੍ਹਾਂ ਵਿਚੋਂ ਕੁੱਝ ਕੁ ਕੰਪਿਊਟਰ ਅਧਿਅਪਕਾਂ ਦੇ ਘਰ 2 ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਜਲਦ ਹੀ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਸੀ ਪਰ ਸਰਕਾਰ ਬਣਨ ਦੇ ਲਗਭਗ 1 ਸਾਲ ਮਗਰੋਂ ਵੀ ਗੱਲ ਕਿਸੇ ਪੱਤਣ ਨਹੀਂ ਲੱਗੀ।
ਅਨਮੋਲ ਗਗਨ ਮਾਨ ਨੂੰ ਯਾਦ ਕਰਵਾਇਆ ਉਨ੍ਹਾਂ ਦਾ ਵਾਅਦਾ
ਸਾਲ 2021 ਦੇ ਦਸੰਬਰ ਮਹੀਨੇ ਦੌਰਾਨ ਖਰੜ ਵਿਖੇ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਅੱਗੇ ਕੰਪਿਊਟਰ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਧਰਨਾ ਲਗਾਇਆ ਗਿਆ ਸੀ ਜਿਸ ਵਿੱਚ ਸੂਬੇ ਭਰ ਮੌਜੂਦਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪਹੁੰਚ ਕੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਉਨ੍ਹਾ ਦੀ ਸਰਕਾਰ ਬਣਨ ਉੱਤੇ ਪਹਿਲ ਦੇ ਅਧਾਰ ਉੱਤੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਗੱਲ ਕਹੀ ਸੀ ਪਰ ਹੁਣ ਮੰਤਰੀ ਬਣ ਕੇ ਵਾਅਦੇ ਭੁੱਲ ਚੁੱਕੇ ਹਨ।
ਵਿਸ਼ੇਸ਼ ਰਿਪੋਰਟ-ਗਗਨਦੀਪ ਅਹੂਜਾ