ਪਿਊਸ਼ ਗੋਇਲ ਦੀ ਅਪੀਲ ; ਕੇਂਦਰ ਵੱਲੋਂ ਗ਼ਰੀਬਾਂ ਨੂੰ ਵੰਡੀ ਜਾਂਦੀ ਕਣਕ ਤੋਂ ਪੰਜਾਬ ਸਰਕਾਰ ਛੱਡੇ ਟੈਕਸ
ਚੰਡੀਗੜ੍ਹ : ਲੋਕਾਂ ਦੇ ਕਲਿਆਣ ਦਾ ਦਾਅਵਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕੇਂਦਰ ਸਰਕਾਰ ਵੱਲੋਂ ਗਰੀਬਾਂ ਨੂੰ ਵੰਡਣ ਲਈ ਭੇਜੀ ਜਾਂਦੀ ਕਣਕ ਉਤੇ ਟੈਕਸ ਲਗਾ ਕੇ ਲੋਕਾਂ ਦਾ ਖਾਸ 'ਭਲਾ' ਕਰ ਰਹੀ ਹੈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਲੋਕਾਂ ਦੇ ਕਲਿਆਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਕੇਂਦਰੀ ਮੰਤਰੀ ਨੇ ਗ਼ਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਤੋਂ ਪੰਜਾਬ ਸਰਕਾਰ ਨੂੰ ਟੈਕਸ ਛੱਡਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ 'ਗ਼ਰੀਬਾਂ ਉਪਰ ਰਹਿਮ' ਕਰਨ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਕੌਮੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਪ੍ਰਤੀ ਲਾਭਪਾਤਰੀ ਪੰਜ ਕਿੱਲੋ ਕਣਕ ਭੇਜ ਰਹੀ ਹੈ। ਕੇਂਦਰ ਸਰਕਾਰ ਕਰੀਬ 1 ਕਰੋੜ 50 ਲੱਖ ਲਾਭਪਾਤਰੀਆਂ ਨੂੰ ਭੇਜ ਰਹੀ ਹੈ।
ਲਾਭਪਾਤਰੀਆਂ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਣਕ ਵੰਡੀ ਜਾਂਦੀ ਹੈ। ਕੇਂਦਰ ਵੱਲੋਂ ਅਲਾਟ ਕਣਕ ਨੂੰ ਆਪਣੇ ਗੁਦਾਮਾਂ ਤੋਂ ਸਿੱਧਾ ਲਾਭਪਾਤਰੀਆਂ ਤੱਕ ਪੰਜਾਬ ਸਰਕਾਰ ਪਹੁੰਚਾਉਂਦੀ ਹੈ। ਪੰਜਾਬ ਸਰਕਾਰ ਇਸ ਲਈ ਕਣਕ ਖ਼ਰੀਦ ਉਤੇ ਕੇਂਦਰ ਤੋਂ 3 ਫ਼ੀਸਦੀ ਟੈਕਸ ਦੀ ਉਗਰਾਹੀ ਕਰ ਰਹੀ ਹੈ। ਦਿਹਾਤੀ ਵਿਕਾਸ ਫੰਡ ਦੇ ਤੌਰ ਉਤੇ ਕੇਂਦਰ ਸਰਕਾਰ ਨੂੰ ਤਿੰਨ ਫੀਸਦੀ ਟੈਕਸ ਅਦਾ ਕਰਨਾ ਪੈ ਰਿਹਾ ਹੈ। ਟੈਕਸ ਦੀ ਉਗਰਾਹੀ ਜ਼ਰੀਏ ਪੰਜਾਬ ਸਰਕਾਰ ਕਰੋੜਾਂ ਰੁਪਏ ਦਾ ਮਾਲੀਆ ਇਕੱਠਾ ਕਰ ਰਹੀ ਹੈ।
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਸਰਕਾਰ ਵੱਲੋਂ ਆਰਡੀਐੱਫ ਦੇ ਬਕਾਏ ਦੀ ਮੰਗ ਤੋਂ ਬਾਅਦ ਪੱਤਰ ਲਿਖਿਆ। ਇਸ ਦੌਰਾਨ ਅਕਤੂਬਰ ਮਹੀਨੇ ਦੇ ਬਕਾਏ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਨੇ ਈਡੀ ਨਾਲ ਨਸ਼ਰ ਕੀਤਾ ਰਿਕਾਰਡ, ਹੋ ਸਕਦਾ ਹੈ ਵੱਡਾ ਖੁਲਾਸਾ !
ਇਸ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਗਰੀਬ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਕਣਕ ਤੋਂ ਟੈਕਸ ਛੱਡ ਕੇ ਗ਼ਰੀਬਾਂ ਉਤੇ ਰਹਿਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਲਿਖਿਆ ਕਿ ਲੋਕ ਕਲਿਆਣ ਸਕੀਮ ਤਹਿਤ ਕੇਂਦਰ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਨੂੰ ਟੈਕਸ ਮੁਕਤ ਕਰਕੇ ਗ਼ਰੀਬ ਲੋਕਾਂ ਦਾ ਕਲਿਆਣ ਕਰੋ।
ਰਿਪੋਰਟ-ਰਮਨਦੀਪ