Sangrur News : ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰਾਂ ਨਾਲ ਧੱਕਾ ਮੁੱਕੀ, ਕਈ ਨੌਜਵਾਨ ਹੋਏ ਜ਼ਖ਼ਮੀ

ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰਾਂ ਨਾਲ ਪੁਲਿਸ ਨੇ ਧੱਕਾ ਮੁੱਕੀ ਕੀਤੀ। ਇਸ ਦੌਰਾਨ ਕਈ ਨੌਜਵਾਨ ਜ਼ਖ਼ਮੀ ਹੋ ਗਏ।

By  Dhalwinder Sandhu July 28th 2024 07:50 PM -- Updated: July 28th 2024 08:38 PM

Sangrur News : ਸਿੱਖਿਆ, ਸਿਹਤ ਅਤੇ ਬਿਜਲੀ  ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਲੈਕੇ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਸਥਾਨਕ ਵੇਰਕਾ ਮਿਲਕ ਪਲਾਂਟ ਤੋ ਮਾਰਚ ਕਰਕੇ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਕੋਸਿਸ਼ ਕੀਤੀ ਤਾਂ ਪੁਲਿਸ ਪ੍ਰਸਾਸ਼ਨ ਨਾਲ ਧੱਕਾਮੁੱਕੀ ਹੋ ਗਈ।

ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਪੁਰਸ਼ ਪੁਲਿਸ ਮੁਲਾਜਮਾਂ ਵੱਲੋ ਮਹਿਲਾ ਬੇਰੁਜ਼ਗਾਰਾਂ ਨਾਲ ਬਦਸਲੂਕੀ ਕੀਤੀ ਗਈ। ਧੱਕਾਮੁੱਕੀ ਦੌਰਾਨ ਕੁਝ ਬੇਰੁਜ਼ਗਾਰਾਂ ਦੇ ਕੱਪੜੇ ਪਾੜ ਸੁੱਟੇ।


ਬੇਰੁਜ਼ਗਾਰਾਂ ਦੀ ਮੰਗ ਸੀ ਕਿ 7 ਜੁਲਾਈ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਨੇ ਬੇਰੁਜ਼ਗਾਰਾਂ ਨਾਲ ਮਿਲਣੀ ਦੌਰਾਨ ਭਰੋਸਾ ਦਿੱਤਾ ਸੀ ਕਿ 15 ਜੁਲਾਈ ਮਗਰੋ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕੀਤੀ ਜਾਵੇਗੀ।ਪ੍ਰੰਤੂ ਕਰੀਬ ਦੋ ਹਫ਼ਤੇ ਬੀਤਣ ਉਪਰੰਤ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ। ਬੇਰੁਜ਼ਗਾਰ ਮੁੱਖ ਮੰਤਰੀ ਦੀ ਪੈਨਲ ਮੀਟਿੰਗ ਲਈ ਅੜੇ ਹੋਏ ਸਨ ਅਤੇ ਇਸੇ ਮੰਗ ਨੂੰ ਲੈਕੇ ਤਿੰਨ ਵਾਰ ਪੁਲਿਸ ਨਾਲ ਝੜਪ ਹੋਈ। ਕਰੀਬ ਅੱਧੀ ਦਰਜਨ ਬੇਰੁਜ਼ਗਾਰ ਝਕਾਨੀ ਦੇ ਕੇ  ਦੂਸਰੇ ਰਸਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚ ਗਏ ਜਿੰਨਾ ਵਿੱਚ ਚਿਮਨ ਲਾਲ, ਕੁਲਦੀਪ ਸਿੰਘ ਸਮੇਤ ਬੇਰੁਜ਼ਗਾਰ ਹਾਜ਼ਰ ਸਨ।ਜਿੰਨਾ ਦੀ ਖਿੱਚ ਧੂਹ ਕਰਕੇ ਮੁੜ ਵਾਪਸ ਲਿਆਂਦਾ ਗਿਆ।

ਅੱਤ ਦੀ ਗਰਮੀ ਅਤੇ ਹੁੰਮਸ ਵਿੱਚ ਕਰੀਬ ਦੋ ਘੰਟੇ ਦੀ ਕਸ਼ਮਕਸ਼ ਮਗਰੋ ਆਖਰ ਕਰੀਬ 4 ਵਜੇ ਪੁਲਿਸ ਪ੍ਰਸਾਸਨ ਵੱਲੋ ਆਉਂਦੇ  ਦੋ ਦਿਨ ਵਿੱਚ ਮੁੱਖ ਮੰਤਰੀ ਦੀ ਮੀਟਿੰਗ ਉਹਨਾਂ ਦੇ ਓ ਐਸ ਡੀ ਰਾਹੀਂ ਕਰਵਾਉਣ ਅਤੇ ਸਿੱਖਿਆ ਮੰਤਰੀ ਨਾਲ 5 ਅਗਸਤ ਨੂੰ ਮੀਟਿੰਗ ਦਾ ਭਰੋਸਾ ਦੇਣ ਮਗਰੋ ਬੇਰੁਜ਼ਗਾਰਾਂ ਨੇ ਧਰਨਾ ਸਮਾਪਤ ਕੀਤਾ ਅਤੇ ਮੀਟਿੰਗ ਨਾ ਹੋਣ ਦੀ ਸੂਰਤ ਵਿੱਚ   31 ਜੁਲਾਈ ਨੂੰ ਸੁਨਾਮ ਵਿਖੇ ਮੁੱਖ ਮੰਤਰੀ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ। ਧੱਕਾਮੁੱਕੀ ਦੌਰਾਨ ਗੁਰਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਪੁਲਿਸ ਬੈਰੀ ਕੇਡ ਟੱਪ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਵਧ ਗਏ।ਉੱਧਰ ਖਿੱਚ ਧੂਹ ਵਿੱਚ ਲਲਿਤਾ ਪਟਿਆਲਾ ਦੇ  ਗੋਡੇ ਉੱਤੇ ਸੱਟ ਵੱਜ ਗਈ।

ਮੰਗਾਂ 

  1. ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ।
  2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਪ੍ਰਤੀਸ਼ਤ ਦੀ ਸ਼ਰਤ ਸਦਾ ਲਈ ਰੱਦ ਕੀਤੀ ਜਾਵੇ।
  3. 250 ਆਰਟ ਐਂਡ ਕਰਾਫਟ ਟੀਚਰ ਭਰਤੀ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
  4. ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ ਉਮਰ ਹੱਦ ਛੋਟ ਦਿੱਤੀ ਜਾਵੇ।
  5. ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ, ਕੰਬੀਨੇਸ਼ਨ ਦਰੁਸਤ ਕਰਕੇ ਮੁੜ ਤੋ ਜਾਰੀ ਕੀਤੀ ਜਾਵੇ ਅਤੇ ਓਵਰ ਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ।
  6. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮਿਰਤਕ ਆਸ਼ਰਿਤਾਂ ਨੂੰ ਬਿਨਾ ਕਿਸੇ ਸ਼ਰਤ ਤੋ ਨੌਕਰੀ ਦਿੱਤੀ ਜਾਵੇ।

ਵਰਨਣਯੋਗ ਹੈ ਕਿ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਦੇ ਰੁਜ਼ਗਾਰ ਲਈ ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐਡ ਟੈੱਟ ਪਾਸ, ਆਰਟ ਐਂਡ ਕਰਾਫਟ ਟੈੱਟ ਪਾਸ, ਓਵਰ ਏਜ਼ ਬੀ ਐਡ ਟੈੱਟ ਪਾਸ, ਮੈਥ/ਸਾਇੰਸ ਬੀ ਐਡ ਟੈੱਟ ਪਾਸ ਅਤੇ ਮਲਟੀ ਪਰਪਜ਼ ਹੈਲਥ ਵਰਕਰ) ਉੱਤੇ ਆਧਾਰਤ ਮੋਰਚਾ ਪਿਛਲੇ ਸਮੇਂ ਤੋਂ ਯਤਨਸ਼ੀਲ਼ ਹੈ।

ਇਹ ਵੀ ਪੜ੍ਹੋ: Paris Olympics: ਨਿਖਤ ਜ਼ਰੀਨ ਦਾ ਧਮਾਕਾ, ਪਹਿਲੇ ਮੈਚ ਹੀ ਵਿਰੋਧੀ ਨੂੰ ਚਟਾਈ ਧੂੜ

Related Post