ਬੇਰੁਜ਼ਗਾਰ ਅਧਿਆਪਕਾਂ ਨੇ ਖੂਨ ਨਾਲ ਲਿਖੇ CM ਮਾਨ ਦੇ ਨਾਮ ਪੱਤਰ, ਕਿਹਾ- ਖੂਨ ਦੀ ਪਿਆਸੀ ਹੋਈ ਸਰਕਾਰ
ETT Teacher Protest : ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ ਤੇ ਪਰਮਪਾਲ ਫਾਜਿਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਉਮੀਦਵਾਰਾਂ ਦੇ ਖੂਨ ਦੀ ਪਿਆਸੀ ਹੋ ਚੁੱਕੀ ਹੈ। ਇਸ ਲਈ ਅਸੀਂ ਖੂਨ ਨਾਲ ਪੱਤਰ ਲਿਖ ਕੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਸ੍ਰੀ ਅਨੰਦਪੁਰ ਸਾਹਿਬ : ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸ਼ਨੀਵਾਰ ਤੋਂ ਰੋਸ ਧਰਨਾ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਚੌਥੇ ਦਿਨ ਮੰਗਲਵਾਰ ਨੂੰ ਬੇਰੁਜ਼ਗਾਰ 5994 ਅਧਿਆਪਕਾਂ ਵੱਲੋਂ ਆਪਣੇ ਖੂਨ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਮ ਪੱਤਰ ਲਿਖੇ ਗਏ, ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ 5 ਸਤੰਬਰ ਤੋਂ ਪਹਿਲਾਂ ਪਹਿਲਾਂ ਸਮੁੱਚੇ 5994 ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਏ।
ਇਹ ਉਮੀਦਵਾਰ ਪਿਛਲੇ ਡੇਢ ਸਾਲ ਤੋਂ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ ਪਰ ਪੰਜਾਬ ਸਰਕਾਰ ਜਾਣ ਬੁੱਝ ਕੇ ਡੰਗ ਟਪਾਓ ਨੀਤੀ ਤੇ ਕੰਮ ਕਰਦੇ ਹੋਏ ਆਏ ਦਿਨ ਲਾਰੇ ਤੇ ਲਾਰਾ ਲਗਾ ਰਹੀ ਹੈ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ ਤੇ ਪਰਮਪਾਲ ਫਾਜਿਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਉਮੀਦਵਾਰਾਂ ਦੇ ਖੂਨ ਦੀ ਪਿਆਸੀ ਹੋ ਚੁੱਕੀ ਹੈ। ਇਸ ਲਈ ਅਸੀਂ ਖੂਨ ਨਾਲ ਪੱਤਰ ਲਿਖ ਕੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ 28 ਜਨਵਰੀ ਨੂੰ ਚੰਡੀਗੜ੍ਹ ਵਿਖੇ ਪ੍ਰੀਖਿਆ ਦੇਣ ਆ ਰਹੀ ਈਟੀਟੀ 5994 ਭਰਤੀ ਦੀ ਉਮੀਦਵਾਰ ਲੜਕੀ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਗਈ ਸੀ, ਜੋ ਮਾਪਿਆਂ ਦੀ ਇਕਲੌਤੀ ਧੀ ਸੀ।