ਕਪੂਰਥਲਾ ਜੇਲ੍ਹ ਵਿੱਚ ਸਿਹਤ ਵਿਗੜਨ ਕਾਰਨ ਦੋ ਹਵਾਲਾਤੀਆਂ ਦੀ ਹੋਈ ਮੌਤ

By  Jasmeet Singh December 4th 2023 11:11 AM

ਕਪੂਰਥਲਾ: ਮਾਡਰਨ ਜੇਲ 'ਚ ਬੰਦ ਦੋ ਹਵਾਲਾਤੀਆਂ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਉਨ੍ਹਾਂ ਮੌਤ ਹੋ ਗਈ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਹਵਾਲਾਤੀਆਂ ਨੂੰ ਪਹਿਲਾਂ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਡਿਊਟੀ ਡਾਕਟਰ ਨੇ ਦੋਵਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ ਗਿਆ। ਜਿੱਥੇ ਦੇ ਡਿਊਟੀ ਡਾਕਟਰ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਮ੍ਰਿਤਕ ਕੈਦੀਆਂ ਦੀ ਪਛਾਣ ਹਰੀਚੰਦ ਪੁੱਤਰ ਸ਼ਾਮ ਚੰਦ ਵਾਸੀ ਦੀਪ ਨਗਰ ਨੇੜੇ ਗਿੱਲ ਚੌਕ ਲੁਧਿਆਣਾ ਅਤੇ ਸੋਹਣ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕਾਲਾ ਬਗੜੀਆ ਵਜੋਂ ਹੋਈ ਹੈ।

ਹਰੀਚੰਦ ਦੇ ਪੁੱਤਰ ਸੰਤੀ ਸੰਤੀ ਅਨੁਸਾਰ ਉਸ ਦਾ ਪਿਤਾ ਐਨਡੀਪੀਐਸ ਐਕਟ ਦੇ ਇੱਕ ਕੇਸ ਵਿੱਚ ਪਿਛਲੇ ਛੇ ਸਾਲਾਂ ਤੋਂ ਜੇਲ੍ਹ ਵਿੱਚ ਸੀ। ਉਹ ਸ਼ੂਗਰ ਤੋਂ ਪੀੜਤ ਸੀ, ਪਰ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਸੀ। ਉਸ ਮੁਤਾਬਕ ਪਿਤਾ ਨਾਲ ਕੁਝ ਦਿਨ ਪਹਿਲਾਂ ਹੀ ਗੱਲ ਹੋਈ ਸੀ, ਉਸ ਸਮੇਂ ਉਹ ਬਿਲਕੁਲ ਠੀਕ ਸਨ ਅਤੇ ਉਨ੍ਹਾਂ ਦਵਾਈ ਭੇਜਣ ਲਈ ਕਹਿ ਰਿਹਾ ਸੀ। ਬੇਟੇ ਦਾ ਇਲਜ਼ਾਮ ਹੈ ਕਿ ਜੇਲ੍ਹ ਵਿੱਚ ਦਵਾਈਆਂ ਵੀ ਠੀਕ ਤਰ੍ਹਾਂ ਉਪਲਬਧ ਨਹੀਂ ਹੁੰਦੀਆਂ ਸਨ।

ਕੁਮਾਰ ਦਾ ਕਹਿਣਾ ਕਿ ਐਤਵਾਰ ਨੂੰ ਉਸ ਨੂੰ ਫ਼ੋਨ ਆਇਆ ਕਿ ਉਸ ਦੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਦੋਂ ਉਹ ਸਿਵਲ ਹਸਪਤਾਲ ਕਪੂਰਥਲਾ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਨੇ ਜੇਲ੍ਹ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਉਸ ਦੇ ਪਿਤਾ ਨੂੰ ਸਮੇਂ ਸਿਰ ਦਵਾਈ ਮਿਲ ਜਾਂਦੀ ਅਤੇ ਸਮੇਂ-ਸਮੇਂ ’ਤੇ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਜਾਂਦਾ ਤਾਂ ਪਿਤਾ ਦੀ ਜਾਨ ਬਚਾਈ ਜਾ ਸਕਦੀ ਸੀ।

ਦੂਜਾ ਕੈਦੀ ਸੋਹਣ ਸਿੰਘ ਪਿਛਲੇ ਇਕ ਸਾਲ ਤੋਂ ਚੋਰੀ ਦੇ ਕੇਸ ਵਿਚ ਬੰਦ ਸੀ ਅਤੇ ਟੀ.ਬੀ. ਦਾ ਮਰੀਜ਼ ਸੀ। ਸ਼ਨਿੱਚਰਵਾਰ ਦੇਰ ਰਾਤ ਉਸ ਦੀ ਸਿਹਤ ਅਚਾਨਕ ਵਿਗੜ ਗਈ। ਉਸ ਨੂੰ ਪਹਿਲਾਂ ਇਲਾਜ ਲਈ ਜੇਲ੍ਹ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ ਗਿਆ। ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਦਿੱਲੀ: ਪੰਜਾਬ ਦੇ ਸਾਬਕਾ ਵਿਧਾਇਕ ਦੇ ਘਰ ਬਾਹਰ ਗੋਲੀਬਾਰੀ ਨਾਲ ਇਲਾਕੇ 'ਚ ਦਹਿਸ਼ਤ

Related Post