ਡੇਰਾ ਪ੍ਰੇਮੀ ਕਤਲ ਕਾਂਡ 'ਚ ਸ਼ਾਮਲ ਦੋ ਮੁਲਜ਼ਮਾਂ ਨੂੰ ਹੁਸ਼ਿਆਰਪੁਰ ਤੋਂ ਕੀਤਾ ਗ੍ਰਿਫ਼ਤਾਰ
ਹੁਸ਼ਿਆਰਪੁਰ, 17 ਨਵੰਬਰ: ਪੰਜਾਬ ਦੇ ਕੋਟਕਪੂਰਾ ਵਿਖੇ 10 ਨਵੰਬਰ ਨੂੰ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪਰਦੀਪ ਸਿੰਘ ਦੀ ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ ਜਲੰਧਰ, ਹੁਸ਼ਿਆਰਪੁਰ ਅਤੇ ਫਰੀਦਕੋਟ ਦੀ ਪੁਲਿਸ ਨੇ ਸਾਂਝੇ ਅਪ੍ਰੇਸ਼ਨ 'ਚ ਹੁਸ਼ਿਆਰਪੁਰ ਤੋਂ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮਨਪ੍ਰੀਤ ਉਰਫ਼ ਮਨੀ ਅਤੇ ਭੁਪਿੰਦਰ ਉਰਫ਼ ਗੋਲਡੀ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਤਿੰਨ ਮੋਟਰਸਾਈਕਲਾਂ 'ਤੇ ਸਵਾਰ ਘੱਟੋ-ਘੱਟ ਛੇ ਹਮਲਾਵਰਾਂ ਨੇ ਪੰਜਾਬ ਦੇ ਫਰੀਦਕੋਟ ਜ਼ਿਲੇ 'ਚ 2015 ਦੇ ਬਰਗਾੜੀ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਡੇਰਾ ਸੱਚਾ ਸੌਦਾ ਦੇ ਸਮਰਥਕ ਪਰਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪ੍ਰਦੀਪ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ।
ਪ੍ਰਦੀਪ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਫਰੀਦਕੋਟ ਦੇ ਕੋਟਕਪੂਰਾ ਵਿਖੇ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ। ਉਸ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾਏ ਗਏ ਸਨ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਦੇ ਅੰਤਿਮ ਸਸਕਾਰ ਨੂੰ ਲੈ ਕੇ ਅੱਜ ਹੋਵੇਗੀ ਮੀਟਿੰਗ
ਬਰਗਾੜੀ ਬੇਅਦਬੀ ਕਾਂਡ 2015 ਵਿੱਚ ਫਰੀਦਕੋਟ ਵਿੱਚ ਵਾਪਰੀ ਘਟਨਾ ਨਾਲ ਸਬੰਧਤ ਹੈ ਜਿੱਥੇ 12 ਅਕਤੂਬਰ 2015 ਨੂੰ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਖਿੱਲਰੇ ਮਿਲੇ ਸਨ ਅਤੇ ਥਾਣਾ ਬਾਜਾਖਾਨਾ ਵਿਖੇ ਆਈਪੀਸੀ ਦੀ ਧਾਰਾ 295, 120-ਬੀ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਉਕਤ ਮਾਮਲੇ 'ਚ ਤਿੰਨ ਐੱਫ.ਆਈ.ਆਰ. ਦਰਜ ਹੋਈਆਂ ਸਨ।