ਕੈਨੇਡਾ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਹਰਿਆਣਾ ਦੇ 20 ਸਾਲਾ ਵਿਦਿਆਰਥੀ ਦੀ ਮੌਤ

By  Jasmeet Singh November 27th 2022 10:48 AM

ਟੋਰਾਂਟੋ, 27 ਨਵੰਬਰ: ਹਰਿਆਣਾ ਦੇ ਇੱਕ 20 ਸਾਲਾ ਭਾਰਤੀ ਵਿਦਿਆਰਥੀ ਨੂੰ ਸਾਈਕਲ 'ਤੇ ਕ੍ਰਾਸਵਾਕ ਪਾਰ ਕਰਦੇ ਸਮੇਂ ਇੱਕ ਪਿਕਅੱਪ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਘਸੀਟਦਾ ਹੋਇਆ ਨਾਲ ਲੈ ਗਿਆ, ਇਸ ਹਾਦਸੇ 'ਚ ਵਿਦਿਆਰਥੀ ਦੀ ਮੌਤ ਹੋ ਗਈ। ਇਹ ਜਾਣਕਾਰੀ ਕੇਨੈਡਾ ਪੁਲਿਸ ਵੱਲੋਂ ਦਿੱਤੀ ਗਈ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਸੀਬੀਸੀ ਟੋਰਾਂਟੋ ਨੂੰ ਦੱਸਿਆ ਕਿ ਕਾਰਤਿਕ ਸੈਣੀ ਅਗਸਤ 2021 ਵਿੱਚ ਕੈਨੇਡਾ ਆਇਆ ਸੀ। ਸ਼ੈਰੀਡਨ ਕਾਲਜ ਦੇ ਵਿਦਿਆਰਥੀ ਸੈਣੀ ਨੂੰ ਬੁੱਧਵਾਰ ਸ਼ਾਮ 4.30 ਵਜੇ ਦੇ ਕਰੀਬ ਯੰਗ ਸਟਰੀਟ ਅਤੇ ਸੇਂਟ ਕਲੇਅਰ ਐਵੇਨਿਊ ਦੇ ਚੌਰਾਹੇ 'ਤੇ ਇਕ ਚਿੱਟੇ ਰੰਗ ਦੇ ਪਿਕਅੱਪ ਟਰੱਕ ਨੇ ਟੱਕਰ ਮਾਰ ਦਿੱਤੀ। 

ਪੁਲਿਸ ਨੇ ਦੱਸਿਆ ਕਿ ਟਰੱਕ ਡਰਾਈਵਰ ਕ੍ਰਾਸਵਾਕ ਤੋਂ ਸੱਜੇ ਮੋੜ ਰਿਹਾ ਸੀ ਜਦੋਂ ਉਸਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਦੱਸਿਆ ਕਿ ਫੋਰਡ ਐਫ-250 ਪਿਕਅੱਪ ਦੇ ਡਰਾਈਵਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ 'ਤੇ ਵਾਹਨ ਉਸਨੂੰ ਆਪਣੇ ਹੇਠਾਂ ਦੱਬ ਘਸੀਟਦਾ ਚਲਦਾ ਗਿਆ। 

ਪੁਲਿਸ ਨੇ ਅੱਗੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਡਾਕਟਰਾਂ ਨੇ ਸੈਣੀ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਟ੍ਰੈਫਿਕ ਸੇਵਾਵਾਂ ਦੇ ਮੈਂਬਰਾਂ ਦੁਆਰਾ ਜਾਂਚ ਜਾਰੀ ਹੈ। ਪਰਿਵਾਰ ਦੇ ਇੱਕ ਮੈਂਬਰ ਰਵੀ ਸੈਣੀ ਨੇ ਸ਼ਨਿੱਚਰਵਾਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਨੂੰ ਸੰਬੋਧਿਤ ਕਰਦੇ ਹੋਏ ਟਵੀਟ ਕਰਦਿਆਂ ਕਿਹਾ ਕਿ ਟੋਰਾਂਟੋ ਦੇ ਇੱਕ ਖਤਰਨਾਕ ਚੌਰਾਹੇ 'ਤੇ ਸ਼ੈਰੀਡਨ ਕਾਲਜ ਦੇ ਵਿਦਿਆਰਥੀ ਕਾਰਤਿਕ ਸੈਣੀ ਦੀ ਮੌਤ ਨਾਲ ਸਾਡਾ ਪਰਿਵਾਰ ਤਬਾਹ ਹੋ ਗਿਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਥਾਨਕ ਪ੍ਰਸ਼ਾਸਨ ਜਲਦ ਤੋਂ ਜਲਦ ਉਸਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਾਡੀ ਮਦਦ ਕਰੇ। 

ਇਹ ਵੀ ਪੜ੍ਹੋ: ਹਥਿਆਰਬੰਦ ਲੁਟੇਰਿਆਂ ਨੇ ਘਰ 'ਚ ਵੜ ਕੇ ਨੌਜਵਾਨ ਨੂੰ ਮਾਰੀ ਗੋਲ਼ੀ, ਡੇਢ ਕਿਲੋ ਸੋਨਾ ਲੈ ਕੇ ਹੋਏ ਫ਼ਰਾਰ

ਇਸੇ ਦੌਰਾਨ ਟੋਰਾਂਟੋ ਸਥਿਤ ਵਾਲੰਟੀਅਰ ਗਰੁੱਪ ਐਡਵੋਕੇਸੀ ਫਾਰ ਰਿਸਪੈਕਟ ਫਾਰ ਸਾਈਕਲਿਸਟ ਵੱਲੋਂ ਸੈਣੀ ਨੂੰ ਸ਼ਰਧਾਂਜਲੀ ਦੇਣ ਲਈ 30 ਨਵੰਬਰ ਨੂੰ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।

Related Post