ਦਰੱਖਤਾਂ ਨੂੰ ਕੱਟਣ ਦਾ ਮਾਮਲਾ: ਜੰਗਲਾਤ ਵਿਭਾਗ ਦੇ ਮੁਲਾਜ਼ਮਾਂ 'ਤੇ ਹਮਲਾ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਅਰਨਿਆਲਾ ਸ਼ਾਹਪੁਰ ਵਿੱਚ ਦਰੱਖਤਾਂ ਦੀ ਨਾਜਾਇਜ਼ ਕਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਉੱਤੇ ਹਮਲਾ ਕਰ ਦਿੱਤਾ।
ਜ਼ਖ਼ਮੀ ਵਿਅਕਤੀਆਂ ਦੀ ਪਛਾਣ ਦੀਪਕ ਸੈਣੀ ਅਤੇ ਸੁਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਨਾਜਾਇਜ਼ ਦਰੱਖਤਾਂ ਦੀ ਕਟਾਈ ਨੂੰ ਰੋਕਣ ਗਏ ਸੀ ਅਤੇ ਜਿਵੇਂ ਹੀ ਕਟਾਈ ਵਾਲੀ ਥਾਂ ਪਹੁੰਚੇ ਤਾਂ ਉਥੇ ਦਰੱਖਤਾਂ ਦੀ ਕਟਾਈ ਕਰ ਰਹੇ 4 ਦੇ ਕਰੀਬ ਵਿਅਕਤੀਆਂ ਵੱਲੋਂ ਉਨ੍ਹਾਂ ਉਤੇ ਹਮਲਾ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਜ਼ਖ਼ਮੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਜੰਗਲ ਵਿੱਚ ਫੇਰੀ ਉੱਤੇ ਗਏ ਸੀ ਅਤੇ ਇਸ ਦੌਰਾਨ ਕੁਝ ਵਿਅਕਤੀ ਨਾਜਾਇਜ਼ ਕਟਾਈ ਕਰ ਰਹੇ ਸਨ ਤੇ ਜਦੋਂ ਉਨ੍ਹਾਂ ਵਲੋਂ ਆਪਣੇ ਸੀਨੀਅਰ ਨਾਲ ਜਾ ਕੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਕਟਾਈ ਕਰ ਰਹੇ ਵਿਅਕਤੀਆਂ ਵਲੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ।
ਜੰਗਲਾਤ ਵਿਭਾਗ ਦੇ ਵਣ ਰੇਂਜ ਅਫ਼ਸਰ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪੰਕਜ ਜੈਨ ਨਾਮ ਦੇ ਵਿਅਕਤੀ ਦੇ ਕਰਿੰਦੀਆਂ ਵੱਲੋਂ ਜੰਗਲਾਤ ਵਿਭਾਗ ਦੀ ਮਨਜੂਰੀ ਬਿਨਾਂ ਹੀ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਸੀ ।ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਹੁਣ ਪੁਲਿਸ ਹੀ ਇਸ ਉੱਤੇ ਬਣਦੀ ਕਾਰਵਾਈ ਕਰੇਗੀ।