ਟਰਾਂਸਪੋਰਟ ਟੈਂਡਰ ਘੁਟਾਲਾ: ਵਿਜੀਲੈਂਸ ਨੇ ਕਾਂਗਰਸੀ ਕੌਂਸਲਰ ਦੇ ਪਤੀ ਅਨਿਲ ਜੈਨ ਨੂੰ ਕੀਤਾ ਗ੍ਰਿਫਤਾਰ
ਲੁਧਿਆਣਾ, 4 ਨਵੰਬਰ: ਪੰਜਾਬ ਵਿੱਚ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਅਤੇ ਮਹਿਲਾ ਕਾਂਗਰਸ ਕੌਂਸਲਰ ਦੇ ਨਾਮਜ਼ਦ ਪਤੀ ਅਨਿਲ ਜੈਨ ਨੂੰ ਪਿੰਡ ਧੋਥੜ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਅਨਿਲ ਜੈਨ ਧੋਥੜ ਰੋਡ 'ਤੇ ਸਥਿਤ ਆਪਣੇ ਸ਼ੈਲਰ 'ਚ ਲੁਕਿਆ ਹੋਇਆ ਹੈ।
ਵਿਜੀਲੈਂਸ ਨੇ ਮੁਲਜ਼ਮਾਂ ਨੂੰ ਫੜਨ ਲਈ ਪੂਰਾ ਜਾਲ ਵਿਛਾਇਆ ਹੋਇਆ ਸੀ, ਸਭ ਤੋਂ ਪਹਿਲਾਂ ਇਲਾਕਾ ਪੁਲਿਸ ਸਾਦੇ ਕੱਪੜਿਆਂ 'ਚ ਮੌਕੇ 'ਤੇ ਮੌਜੂਦ ਸੀ। ਉੱਥੇ ਹੀ ਸ਼ੈਲਰ ਨੂੰ ਬਾਹਰੋਂ ਤਾਲਾ ਲਗਾਇਆ ਹੋਇਆ ਸੀ। ਪੁਲਿਸ ਨੇ ਸ਼ੈਲਰ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸ਼ੈਲਰ ਨਹੀਂ ਖੁੱਲ੍ਹਿਆ। ਇਸ ਦੌਰਾਨ ਵਿਜੀਲੈਂਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਕਰੀਬ ਡੇਢ ਘੰਟੇ ਤੱਕ ਸ਼ੈਲਰ ਦੇ ਬਾਹਰ ਕਾਫੀ ਡਰਾਮਾ ਹੋਇਆ ਜਿਸ ਦੌਰਾਨ ਪਿੰਡ ਦੀ ਪੰਚਾਇਤ ਵੀ ਉੱਥੇ ਇਕੱਠੀ ਹੋ ਗਈ।
ਕਾਫੀ ਜੱਦੋਜਹਿਦ ਤੋਂ ਬਾਅਦ ਵਿਜੀਲੈਂਸ ਅਧਿਕਾਰੀ ਅਨਿਲ ਜੈਨ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ। ਹਾਸਿਲ ਜਾਣਕਾਰੀ ਮੁਤਾਬਕ ਦੇਰ ਰਾਤ ਅਨਿਲ ਜੈਨ ਨੂੰ ਲੁਧਿਆਣਾ ਵਿਜੀਲੈਂਸ ਦਫ਼ਤਰ ਲਿਆਂਦਾ ਗਿਆ ਹੈ। ਇਸ ਮਾਮਲੇ ਵਿੱਚ ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਟੀਮ ਦੀ ਅਗਵਾਈ ਡੀਐਸਪੀ ਅਸ਼ਵਨੀ ਕੁਮਾਰ ਕਰ ਰਹੇ ਸਨ।
ਵਿਜੀਲੈਂਸ ਬਿਊਰੋ ਨੇ ਇਸ ਘੁਟਾਲੇ ਵਿੱਚ ਕਾਂਗਰਸੀ ਕੌਂਸਲਰ ਰੂਪਾਲੀ ਜੈਨ ਦੇ ਪਤੀ ਅਨਿਲ ਜੈਨ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ ਦੇ ਭਰਾ ਮਹਾਵੀਰ ਬਾਂਸਲ ਸਮੇਤ ਦੋ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ 'ਤੇ ਇਲਜ਼ਾਮ ਹੈ ਕਿ ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਅਨਾਜ ਸਸਤੇ ਭਾਅ ਲਿਆ ਕੇ ਪੰਜਾਬ 'ਚ ਮਹਿੰਗੇ ਭਾਅ 'ਤੇ ਵੇਚਦੇ ਸਨ। ਇਸ ਦੇ ਨਾਲ ਹੀ ਇਸ ਮਾਮਲੇ 'ਚ ਅਨਿਲ ਜੈਨ ਦੀ ਕੀ ਸ਼ਮੂਲੀਅਤ ਹੈ ਇਹ ਤਾਂ ਸਮਾਂ ਦੱਸੇਗਾ। ਅਨਿਲ ਜੈਨ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਢੋਆ-ਢੁਆਈ ਟੈਂਡਰ ਮਾਮਲੇ 'ਚ ਇਕ ਹੋਰ FIR ਦਰਜ
ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਨਿਲ ਜੈਨ 'ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹ ਕਮਿਸ਼ਨ ਏਜੰਟ ਹੈ। ਹਾਲਾਂਕਿ ਉਸਨੂੰ ਅਨਾਜ ਦੀ ਸੰਭਾਲ ਲਈ ਆਪਣੇ ਸ਼ੈਲਰ ਅਲਾਟ ਕੀਤੇ ਗਏ ਸਨ। ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਇਲਜ਼ਾਮ ਲਾਇਆ ਹੈ ਕਿ ਦੋਵੇਂ ਦੂਜੇ ਰਾਜਾਂ ਤੋਂ ਤਸਕਰੀ ਕੀਤੇ ਅਨਾਜ ਦੀ ਫਰਜ਼ੀ ਬਿਲਿੰਗ ਵਿੱਚ ਸ਼ਾਮਲ ਸਨ ਪਰ ਇਨ੍ਹਾਂ ਦੋਸ਼ਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
- ਰਿਪੋਰਟਰ ਨਵੀਨ ਸ਼ਰਮਾ ਦੀ ਰਿਪੋਰਟ