ਡੂੰਮਵਾਲੀ ਬਾਰਡਰ ਤੋਂ ਪੰਜਾਬ 'ਚ ਮੁੜ ਬਹਾਲ ਹੋਈ ਆਵਾਜਾਈ, ਵਪਾਰੀਆਂ ਨੇ ਹਰਿਆਣਾ ਬੰਦ ਦੀ ਦਿੱਤੀ ਸੀ ਕਾਲ

By  KRISHAN KUMAR SHARMA April 2nd 2024 05:52 PM

Kisan Andolan: ਸੰਯੁਕਤ ਕਿਸਾਨ ਮੋਰਚੇ (SKM) ਦੇ ਸੱਦੇ 'ਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ 2.0 ਦੇ ਚਲਦਿਆਂ ਸੀਲ ਕੀਤੇ ਪੰਜਾਬ-ਹਰਿਆਣਾ ਬਾਰਡਰ ਡੂੰਮਵਾਲੀ ਨੂੰ ਮੰਗਲਵਾਰ ਮੁੜ ਹਰਿਆਣਾ ਪ੍ਰਸ਼ਾਸਨ ਵੱਲੋਂ ਖੋਲ ਦਿੱਤਾ ਗਿਆ। ਕਰੀਬ ਪੌਣੇ ਦੋ ਮਹੀਨੇ ਪਹਿਲਾਂ ਕਿਸਾਨ ਅੰਦੋਲਨ ਦੇ ਚਲਦਿਆਂ ਡੂੰਮਵਾਲੀ ਬਾਰਡਰ ਨੂੰ ਕੰਕਰੀਟ ਦੀਆਂ ਦੀਵਾਰਾਂ ਬਣਾ ਕੇ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਵਪਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਸੀ।

ਇਸ ਮੌਕੇ ਸੁਨੀਲ ਕੁਮਾਰ ਅਤੇ ਆਸ਼ੀਸ਼ ਵਪਾਰੀ ਨੇ ਦੱਸਿਆ ਕਿ ਹਰਿਆਣਾ ਦੇ ਡੱਬਵਾਲੀ ਵਪਾਰ ਮੰਡਲ ਵੱਲੋਂ ਅੱਜ ਬਾਰਡਰ ਨਾ ਖੋਲੇ ਜਾਣ ਦੇ ਵਿਰੋਧ ਵਿੱਚ ਹਰਿਆਣਾ ਬੰਦ ਕਰਨ ਦੀ ਕਾਲ ਦਿੱਤੀ ਗਈ, ਜਿਸ ਤੋਂ ਬਾਅਦ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਬਾਰਡਰ 'ਤੇ ਬੜੀਆਂ ਕੰਕਰੀਟ ਦੀਆਂ ਦੀਵਾਰਾਂ ਹਟਾ ਦਿੱਤੀਆਂ ਅਤੇ ਮੁੜ ਆਵਾਜਾਈ ਬਹਾਲ ਕਰ ਦਿੱਤੀ ਹੈ।

ਦੂਸਰੇ ਪਾਸੇ ਬਾਰਡਰ ਖੁਲਾਉਣ ਨੂੰ ਸਮੇਂ ਮੌਕੇ 'ਤੇ ਮੌਜੂਦ ਡੀਐਸਪੀ ਡੱਬਵਾਲੀ ਕਿਸ਼ੋਰੀ ਰਾਮ ਦਾ ਕਹਿਣਾ ਸੀ ਕਿ ਆਵਾਜਾਈ ਬੰਦ ਹੋਣ ਕਾਰਨ ਵਪਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਦੋਵੇਂ ਹੀ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਅੱਜ ਇਹ ਪੰਜਾਬ ਹਰਿਆਣਾ ਹੱਦ ਤੇ ਬਣੇ ਡੂਮ ਵਾਲੀ ਬਾਰਡਰ ਨੂੰ ਮੁੜ ਖੋਲ ਦਿੱਤਾ ਗਿਆ ਹੈ।

ਪਿਛਲੇ 42 ਦਿਨਾਂ ਤੋਂ ਪੰਜਾਬ-ਹਰਿਆਣਾ ਬਾਰਡਰ 'ਤੇ ਸਥਿਤ ਡੂੰਮਵਾਲੀ ਵਿਖੇ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਗਰੁੱਪ ਨਾਲ ਸੰਬੰਧਿਤ ਕਿਸਾਨ ਆਗੂ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਬੀਤੀ ਰਾਤ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਅਤੇ ਹਰਿਆਣਾ ਦੇ ਵਪਾਰੀਆਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ ਸੀ, ਜਿਸ ਤੋਂ ਬਾਅਦ ਜਥੇਬੰਦੀ ਨੇ ਇਹ ਫੈਸਲਾ ਕੀਤਾ ਕਿ ਕਣਕ ਦੀ ਵਾਢੀ ਸ਼ੁਰੂ ਹੋਣ ਕਾਰਨ ਫਿਲਹਾਲ ਡੂੰਮਵਾਲੀ ਬੈਰੀਅਰ ਤੋਂ ਕਿਸਾਨ ਵਾਪਸ 3 ਅਪ੍ਰੈਲ ਨੂੰ ਆਪਣੇ ਘਰਾਂ ਨੂੰ ਵਾਪਸ ਪਰਤਣਗੇ ਕਿਉਂਕਿ ਚੋਣ ਜਾਬਤਾ ਲਾਗੂ ਹੋਣ ਕਾਰਨ ਫਿਲਹਾਲ ਕਿਸਾਨਾਂ ਨੂੰ ਆਪਣੀਆਂ ਮੰਗਾਂ ਪੂਰੀਆਂ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ।

Related Post