Hoshiarpur News : ਅੱਧਾ ਕਿਲੋਮੀਟਰ ਦੂਰ ਘੜੀਸਦਾ ਲੈ ਗਿਆ ਟਰਾਲਾ, ਜੇਸੀਬੀ ਦੀ ਮਦਦ ਨਾਲ ਹੇਠੋਂ ਕੱਢਿਆ ਟਰੈਕਟਰ ਚਾਲਕ
Hoshiarpur Accident : ਟੱਕਰ ਪਿੱਛੋਂ ਤਕਰੀਬਨ ਅੱਧਾ ਕਿਲੋਮੀਟਰ ਟਰਾਲਾ ਟਰੈਕਟਰ ਨੂੰ ਘੜੀਸਦਾ ਹੋਇਆ ਲੈ ਕੇ ਗਿਆ। ਇਸ ਦੌਰਾਨ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਟਰੱਕ ਦੇ ਥੱਲੇ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
Truck and Tractor Accident in Hoshiarpur : ਹੁਸ਼ਿਆਰਪੁਰ 'ਚ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ। ਟਰਾਲੇ ਦੀ ਟੱਕਰ ਨਾਲ ਟਰੈਕਟਰ ਚਾਲਕ ਦੀ ਬੇਰਹਿਮੀ ਨਾਲ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਟਰੈਕਟਰ ਨੂੰ ਅੱਧਾ ਕਿਲੋਮੀਟਰ ਦੂਰ ਤੱਕ ਘੜੀਸਦਾ ਚਲਾ ਗਿਆ, ਜਿਸ 'ਚ ਟਰੈਕਟਰ ਚਾਲਕ ਦੀ ਹੇਠਾਂ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਉਮਰ 41 ਸਾਲ ਪਿੰਡ ਸੋਤਲਾ ਡਾਕਖਾਨਾ ਭੂੰਗਾ ਵੱਜੋਂ ਹੋਈ ਹੈ।
ਘਟਨਾ ਹੁਸ਼ਿਆਪੁਰ ਦੇ ਦਸੂਹਾ ਰੋਡ 'ਤੇ ਅੱਡਾ ਭੂੰਗਾ ਨੇੜੇ ਵਾਪਰੀ। ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਆਪਣੇ ਟਰੈਕਟਰ (PB08 EJ 5246) ਦੇ ਉੱਪਰ ਲੱਕੜੀ ਲੈ ਕੇ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ। ਇਸ ਦੌਰਾਨ ਕਬੀਰਪੁਰ ਪਹੁੰਚਣ 'ਤੇ ਜੰਮੂ ਵੱਲੋਂ ਟਰੱਕ (PB12 T 9925) ਆ ਰਿਹਾ ਸੀ, ਜੋ ਕਿ ਸੇਬਾਂ ਨਾਲ ਲੱਦਿਆ ਹੋਇਆ ਸੀ, ਉਸ ਨੇ ਪਿੱਛਿਓਂ ਦੀ ਆ ਕੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਪਿੱਛੋਂ ਤਕਰੀਬਨ ਅੱਧਾ ਕਿਲੋਮੀਟਰ ਟਰਾਲਾ ਟਰੈਕਟਰ ਨੂੰ ਘੜੀਸਦਾ ਹੋਇਆ ਲੈ ਕੇ ਗਿਆ। ਇਸ ਦੌਰਾਨ ਗੁਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਟਰੱਕ ਦੇ ਥੱਲੇ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੂੰ ਇਲਾਕਾ ਨਿਵਾਸੀਆਂ ਨੇ ਜੇਸੀਬੀ ਦੀ ਮਦਦ ਨਾਲ ਥੱਲਿਓਂ ਕੱਢਿਆ ਅਤੇ ਫਿਰ ਭੁੰਗੇ ਹਸਪਤਾਲ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 10 ਸਾਲ ਦੀ ਬੱਚੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ। ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਵੀ ਘਟਨਾ ਸਥਾਨ 'ਤੇ ਪਹੁੰਚ ਗਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ।