ਪੰਜਾਬੀ ਭਾਸ਼ਾ 'ਚ ਸਾਈਨ ਬੋਰਡ ਲਿਖਣ ਦਾ ਅੱਜ ਆਖ਼ਰੀ ਦਿਨ, ਨਹੀਂ ਤਾਂ ਹੋਵੇਗਾ ਜੁਰਮਾਨਾ

By  Ravinder Singh February 21st 2023 12:35 PM -- Updated: February 21st 2023 12:58 PM

ਚੰਡੀਗੜ੍ਹ : ਸਾਈਨ ਬੋਰਡ 'ਤੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਲਿਖਣ ਤੇ ਸਰਕਾਰੀ ਵੈੱਬਸਾਈਟ ਦਾ ਡਾਟਾ ਪੰਜਾਬੀ ਭਾਸ਼ਾ 'ਚ ਅਪਲੋਡ ਕਰਨ ਦਾ ਅੱਜ ਆਖਰੀ ਦਿਨ ਹੈ। ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਾਸ਼ਾ ਵਿਭਾਗ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ।


ਵਿਭਾਗ ਮੁਤਾਬਕ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਨੋਟਿਸ ਤੋਂ ਬਾਅਦ 500 ਤੋਂ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜੁਰਮਾਨਾ ਕਦੋਂ ਤੋਂ ਸ਼ੁਰੂ ਹੋਵੇਗਾ, ਇਸ ਦਾ ਫ਼ੈਸਲਾ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਹੋ ਸਕਦਾ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ 5 ਦਸੰਬਰ ਨੂੰ 21 ਫਰਵਰੀ ਤੱਕ ਸਾਰੇ ਸਾਈਨ ਬੋਰਡ ਪੰਜਾਬੀ 'ਚ ਲਿਖਣ ਦੇ ਹੁਕਮ ਜਾਰੀ ਕੀਤੇ ਸਨ।

ਪਹਿਲਾਂ ਕਾਰਨ ਦੱਸੋ ਨੋਟਿਸ, ਫਿਰ ਜੁਰਮਾਨਾ

ਡਾਇਰੈਕਟਰ ਭਾਸ਼ਾ ਵਿਭਾਗ ਵੀਰਪਾਲ ਕੌਰ ਨੇ ਕਿਹਾ ਕਿ 21 ਫਰਵਰੀ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਨਵੰਬਰ 2021 'ਚ ਪੰਜਾਬੀ ਤੇ ਹੋਰ ਭਾਸ਼ਾਵਾਂ ਸਿੱਖਿਆ (ਸੋਧ) ਬਿੱਲ 2021 ਪਾਸ ਹੋ ਚੁੱਕਾ ਹੈ। ਬਿੱਲ ਅਨੁਸਾਰ 21 ਫਰਵਰੀ ਤੋਂ ਬਾਅਦ ਉਲੰਘਣਾ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਬਾਅਦ ਵਿਚ ਪਹਿਲੀ ਵਾਰ 500 ਰੁਪਏ, ਦੂਜੀ ਵਾਰ 2,000 ਰੁਪਏ ਤੇ ਤੀਜੀ ਵਾਰ 5,000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ।

ਇਹ ਵੀ ਪੜ੍ਹੋ : ਗੈਂਗਸਟਰਾਂ 'ਤੇ ਸ਼ਿਕੰਜਾ ; NIA ਨੇ ਦੇਸ਼ ਦੇ 8 ਸੂਬਿਆਂ 'ਚ 70 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

19 ਨਵੰਬਰ 2022 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ 21 ਫਰਵਰੀ ਤੱਕ ਸਾਈਨ ਬੋਰਡ ਪੰਜਾਬੀ ਭਾਸ਼ਾ 'ਚ ਲਿਖਣ ਦੀ ਹਦਾਇਤ ਕੀਤੀ ਗਈ ਸੀ। 5 ਦਸੰਬਰ 2022 ਨੂੰ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਸੀ।

Related Post