ਟਾਰਗੇਟ ਕਿਲਿੰਗ ਲਈ ਇਸ਼ਾਰੇ ਦੀ ਉਡੀਕ 'ਚ ਬੈਠੇ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰ ਕਾਬੂ
ਬਠਿੰਡਾ : ਮੋਗਾ ਤੇ ਬਠਿੰਡਾ ਵਿਖੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਇਸ਼ਾਰੇ ਦੀ ਉਡੀਕ 'ਚ ਬੈਠੇ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਬਠਿੰਡਾ ਜੇ ਏਲਨਚੇਜ਼ੀਅਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਤਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਬੰਬੀਹਾ ਗਰੁੱਪ ਵੱਲੋਂ ਬਠਿੰਡਾ ਤੇ ਮੋਗਾ ਵਿਖੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।
ਇਨ੍ਹਾਂ ਘਟਨਾਵਾਂ ਨੂੰ ਗੈਂਗਸਟਰ ਸੁੱਖਾ ਦੁਨੇਕੇ ਵਾਸੀ ਕੈਨੇਡਾ ਤੇ ਹੈਰੀ ਮੌੜ ਵੱਲੋਂ ਦੁਬਈ ਬੈਠੇ ਬਲਜੀਤ ਸਿੰਘ ਤੇ ਉਸ ਦੇ ਸਾਥੀਆਂ ਤੋਂ ਅੰਜਾਮ ਦੁਆਇਆ ਜਾ ਸਕਦਾ ਹੈ। ਸੀਆਈਏ ਇੰਚਾਰਜ ਤਰਜਿੰਦਰ ਸਿੰਘ ਵੱਲੋਂ ਇਸ ਗੁਪਤ ਸੂਚਨਾ ਦੇ ਆਧਾਰ ਉੱਪਰ ਰਿੰਗ ਰੋਡ ਉੱਪਰ ਪੱਕਾ ਧੋਬੀਆਣਾ ਵਿਖੇ ਮੋਟਰਸਾਈਕਲ ਸਵਾਰ ਹਨੀ ਕੇਕੜਾ, ਹਿੰਮਤ ਤੇ ਹੀਰਾ ਲਾਲ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਇਕ ਪਿਸਟਲ 32 ਬੋਰ ਮੇਡ ਇਨਚਾਇਨਾ, ਇਕ ਪਿਸਟਲ ਗੱਲੋਕ ਮੇਡ ਇਨ ਤੁਰਕੀ ਅਤੇ ਇਕ ਰਿਵਾਲਵਰ 455 ਬੋਰ ਮੇਡ ਇਨ ਅਮਰੀਕਾ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : PSTET 2023 ਪ੍ਰੀਖਿਆ ਦਾ ਹੋਇਆ ਐਲਾਨ, ਇਸ ਦਿਨ ਹੋਵੇਗਾ ਟੈਸਟ
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਨੂੰ ਮੋਗਾ ਤੇ ਬਠਿੰਡਾ 'ਚ ਟਾਰਗੇਟ ਕਿਲਿੰਗ ਕਰਨ ਲਈ ਕਿਹਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਜੋ ਜਗਰਾਵਾਂ ਵਿਖੇ ਵਾਰਦਾਤ ਹੋਈ ਹੈ ਉਸ ਵਿਚ ਵੀ ਇਹ ਲੋਕ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਟਾਰਗੇਟ ਕਲਿੰਗ ਲਈ ਇਨ੍ਹਾਂ ਨੂੰ ਇਸ਼ਾਰੇ ਦੀ ਉਡੀਕ ਸੀ ਫਿਰ ਇਨ੍ਹਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਕੋਲੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।