ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਬਦਾਯੂੰ ਦਾ ਨੌਜਵਾਨ ਗ੍ਰਿਫਤਾਰ

By  Jasmeet Singh November 27th 2022 06:48 PM

ਨਵੀਂ ਦਿੱਲੀ, 27 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈ-ਮੇਲ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਮਾਮਲੇ 'ਚ ਗੁਜਰਾਤ ਏਟੀਐਸ ਨੇ ਬਦਾਯੂੰ ਤੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਤਿੰਨ ਵਿਅਕਤੀ ਸ਼ਾਮਲ ਦੱਸੇ ਜਾ ਰਹੇ ਹਨ। ਇਸ ਮਾਮਲੇ 'ਚ ਗੁਜਰਾਤ ਦੇ ਇੱਕ ਨੌਜਵਾਨ ਅਤੇ ਮੁਟਿਆਰ ਦਾ ਨਾਮ ਸਾਹਮਣੇ ਆਇਆ ਹੈ। ਮੁਲਜ਼ਮ ਅਮਨ ਸਕਸੈਨਾ ਨੂੰ ਬਦਾਯੂੰ ਦੇ ਆਦਰਸ਼ ਨਗਰ ਮੁਹੱਲੇ ਦਾ ਰਹਿਣ ਵਾਲਾ ਹੈ। ਨੌਜਵਾਨਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਮੇਲ ਕਰਕੇ ਪੀਐਮ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਆਰੋਪੀ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪੀਐਮਓ ਨੂੰ ਈ-ਮੇਲ ਭੇਜਣ ਵਿੱਚ ਗੁਜਰਾਤ ਦੀ ਇੱਕ ਲੜਕੀ ਅਤੇ ਦਿੱਲੀ ਦਾ ਇੱਕ ਲੜਕਾ ਵੀ ਸ਼ਾਮਲ ਹੈ। ਗੁਜਰਾਤ ਏਟੀਐਸ ਨੇ ਸ਼ਨਿੱਚਰਵਾਰ ਦੇਰ ਰਾਤ ਨੂੰ ਮੁਲਜ਼ਮ ਨੂੰ ਫੜਿਆ ਅਤੇ ਸਿਵਲ ਲਾਈਨ ਥਾਣੇ ਲਿਆਂਦਾ, ਜਿੱਥੇ ਉਸ ਤੋਂ ਕਰੀਬ ਇੱਕ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਪੁਲਿਸ ਸਟੇਸ਼ਨ 'ਤੇ ਮੀਡੀਆ ਦਾ ਇਕੱਠ ਦੇਖ ਕੇ ਏਟੀਐਸ ਨੇ ਮੁਲਜ਼ਮ ਨੂੰ ਬਦਾਯੂੰ ਦੇ ਐਸਐਸਪੀ ਦੇ ਘਰ ਭੇਜ ਦਿੱਤਾ। ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜ੍ਹਾਈ ਛੱਡੀ, ਪਰਿਵਾਰ ਨੇ ਕੱਢਿਆ

ਮੁਲਜ਼ਮ ਅਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਪਰਿਵਾਰ ਨੇ ਉਸ ਦੇ ਮਾੜੇ ਵਤੀਰੇ ਕਾਰਨ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਪਰ ਉਹ ਰਾਤ ਨੂੰ ਘਰ ਪਹੁੰਚ ਜਾਂਦਾ ਸੀ। ਮੁਲਜ਼ਮ ਰਾਜਰਸ਼ੀ ਕਾਲਜ ਬਰੇਲੀ ਵਿੱਚ ਇੰਜਨੀਅਰਿੰਗ ਕਰ ਰਿਹਾ ਸੀ, ਜਿਸ ਨੂੰ ਉਹ ਅੱਧ ਵਿਚਾਲੇ ਛੱਡ ਗਿਆ ਸੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਅਮਨ ਨੂੰ ਨਹੀਂ ਦੇਖਿਆ। ਕੋਈ ਨਹੀਂ ਜਾਣਦਾ ਕਿ ਉਹ ਕਦੋਂ ਆਉਂਦਾ ਸੀ ਅਤੇ ਕਦੋਂ ਜਾਂਦਾ ਸੀ।

ਨਿਗਰਾਨੀ ਰਾਹੀਂ ਮੁਲਜ਼ਮ ਦਾ ਟਿਕਾਣਾ ਲੱਭਿਆ

ਬਦਾਯੂੰ ਦੇ ਸਿਵਲ ਲਾਈਨ ਥਾਣੇ ਦੇ ਇੰਸਪੈਕਟਰ ਸਹਿੰਸਰਵੀਰ ਸਿੰਘ ਨੇ ਦੱਸਿਆ ਕਿ ਗੁਜਰਾਤ ਏਟੀਐਸ ਨੇ ਈ-ਮੇਲ ਜਾਂਚ ਦੇ ਸਬੰਧ ਵਿੱਚ ਮੁਲਜ਼ਮ ਨੂੰ ਫੜਿਆ ਹੈ। ਉਸ ਨੂੰ ਨਿਗਰਾਨੀ 'ਤੇ ਰੱਖਿਆ ਗਿਆ ਸੀ ਅਤੇ ਜਿਵੇਂ ਹੀ ਉਸ ਦੀ ਲੋਕੇਸ਼ਨ ਟਰੇਸ ਕੀਤੀ ਗਈ ਤਾਂ ਏਟੀਐਸ ਟੀਮ ਪਹੁੰਚ ਗਈ। ਜਦੋਂ ਏਟੀਐਸ ਟੀਮ ਦੇ ਇੱਕ ਮੈਂਬਰ ਨੂੰ ਈ-ਮੇਲ ਭੇਜਣ ਦੇ ਮਕਸਦ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਾਂਚ ਦਾ ਹਵਾਲਾ ਦਿੰਦੇ ਹੋਏ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਸਾਦੇ ਕੱਪੜਿਆਂ ਵਿੱਚ ਰੇਕੀ

ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦੋ ਵਿਅਕਤੀ ਸਾਦੇ ਕੱਪੜਿਆਂ 'ਚ ਆਏ ਸਨ। ਉਨ੍ਹਾਂ ਇਲਾਕਾ ਵਾਸੀਆਂ ਤੋਂ ਸੀਸੀਟੀਵੀ ਕੈਮਰਿਆਂ ਬਾਰੇ ਪੁੱਛਗਿੱਛ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਉਹ ਏਟੀਐਸ ਵੱਲੋਂ ਭੇਜੇ ਗਏ ਪੁਲਿਸ ਮੁਲਾਜ਼ਮ ਸਨ। ਪੁਲਿਸ ਨੇ ਦੱਸਿਆ ਕਿ ਗੁਜਰਾਤ ਏਟੀਐਸ ਦੀ ਦੋ ਮੈਂਬਰੀ ਟੀਮ ਸ਼ਨਿੱਚਰਵਾਰ ਰਾਤ ਨੂੰ ਦਿੱਲੀ ਦੇ ਰਸਤੇ ਬਦਾਯੂੰ ਪਹੁੰਚੀ ਸੀ। ਇੱਥੇ ਸਥਾਨਕ ਪੁਲਿਸ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ 

ਅਮਨ ਸਕਸੈਨਾ ਜਿਸ ਨੂੰ ਏਟੀਐਸ ਨੇ ਫੜਿਆ ਹੈ, ਉਹ ਪਹਿਲਾਂ ਵੀ ਲੈਪਟਾਪ ਚੋਰੀ ਦੇ ਮਾਮਲੇ ਵਿੱਚ ਫੜਿਆ ਜਾ ਚੁੱਕਾ ਹੈ। ਉਸ ਸਮੇਂ ਵਿਦਿਆਰਥੀ ਹੋਣ ਕਾਰਨ ਪੁਲਿਸ ਨੇ ਲੈਪਟਾਪ ਬਰਾਮਦ ਕਰਕੇ ਛੱਡ ਦਿੱਤਾ। ਇਸ ਤੋਂ ਬਾਅਦ ਵੀ ਉਸ ਦੀਆਂ ਗਤੀਵਿਧੀਆਂ ਲਗਾਤਾਰ ਸ਼ੱਕੀ ਬਣੀਆਂ ਹੋਈਆਂ ਸਨ।

Related Post