ਸਿੱਧੂ ਮੂਸੇਵਾਲਾ ਨੂੰ ਹਰਾਉਣ ਵਾਲੇ 'ਆਪ' ਆਗੂ ਨੇ ਜਦੋਂ ਖ਼ੁਦ ਕੀਤੀ ਸੀ ਉਸਦੀ ਨਕਲ
Sidhu Moosewala Death Anniversary: ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬਰਖਾਸਤ ਕੀਤੇ ਗਏ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਪਿਛਲੇ ਸਾਲ ਜੁਲਾਈ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਪਹੁੰਚੇ ਸਨ। ਜਿੱਥੇ ਉਨ੍ਹਾਂ ਮੂਸੇਵਾਲਾ ਦੀ ਮੌਤ 'ਤੇ ਉਸਦੇ ਪਿਤਾ ਨਾਲ ਦੁੱਖ ਸਾਂਝਾ ਕੀਤਾ।
ਸਿੱਧੂ ਦੇ ਸਟਾਈਲ 'ਚ ਸਿੰਗਲਾ ਨੇ ਮਨਾਇਆ ਸੀ ਜਿੱਤ ਦਾ ਜਸ਼ਨ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 2022 ਦੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਡਾ: ਵਿਜੇ ਸਿੰਗਲਾ ਤੋਂ ਕਰਾਰੀ ਹਾਰ ਮਿਲੀ ਸੀ। ਜਿਸ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਸਿੰਗਲਾ ਨੇ 5911 ਟਰੈਕਟਰ ਰਿਵਰਸ ਵਿੱਚ ਖਿੱਚ ਆਪਣੀ ਜਿੱਤ ਦਾ ਡੰਕਾ ਪ੍ਰਦਰਸ਼ਿਤ ਕੀਤਾ ਸੀ। ਮੂਸੇਵਾਲਾ ਅਕਸਰ ਆਪਣੇ ਗੀਤਾਂ ਵਿੱਚ 5911 ਟਰੈਕਟਰ ਦਾ ਪ੍ਰਚਾਰ ਕਰਦਾ ਸੀ। ਇਸ ਤੋਂ ਇਲਾਵਾ ਸਿੰਗਲਾ ਨੇ ਮੂਸੇਵਾਲਾ ਨੂੰ ਹਰਾ ਜਿੱਤ ਦਾ ਜਸ਼ਨ ਆਪਣੇ ਪੱਟ 'ਤੇ ਥਾਪੀ ਮਾਰ ਕੇ ਵੇਖਿਆ ਸੀ, ਜੋ ਕਿ ਸਿੱਧੂ ਦਾ ਆਪਣੇ ਲਾਈਵ ਸ਼ੋਅ ਦੌਰਾਨ ਸਿਗਨੇਚਰ ਸਟੈਪ ਹੁੰਦਾ ਸੀ।
ਚੋਣਾਂ 'ਚ ਹਾਰ ਮਗਰੋਂ ਮੂਸੇਵਾਲਾ ਦਾ ਗਾਣੇ 'ਚ ਪਲਟਵਾਰ
ਪੰਜਾਬ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਮੂਸੇਵਾਲਾ ਨੇ ਆਪਣੇ ਗਾਣੇ 'ਚ ਸਿੰਗਲਾ 'ਤੇ ਚੁਟਕੀ ਵੀ ਲਈ ਸੀ। ਮੂਸੇਵਾਲਾ ਨੇ ਆਪਣੇ ਇੱਕ ਵਿਵਾਦਿਤ ਗੀਤ 'ਚ ਇਨ੍ਹਾਂ ਅਲਫਾਜ਼ਾਂ ਦਾ ਇਸਤੇਮਾਲ ਕਰ ਸਿੰਗਲਾ ਅਤੇ ਉਸਨੂੰ ਹਰਾਉਣ ਵਾਲੇ ਲੋਕਾਂ ਦੇ ਨਾਂਅ ਲਿਖਿਆ 'ਹੁਣ ਮੈਨੂੰ ਦੱਸੋ ਲੋਕੋ ਗ਼ਦਾਰ ਕੌਣ? ਜਿੱਤ ਗਿਆ ਹਾਰ ਗਿਆ ਕੌਣ?' ਵਿਧਾਨ ਸਭਾ ਚੋਣਾਂ ਵਿੱਚ ਮੂਸੇਵਾਲਾ ਮਾਨਸਾ ਸੀਟ ਤੋਂ ਸਿੰਗਲਾ ਤੋਂ 63,323 ਵੋਟਾਂ ਨਾਲ ਹਾਰ ਗਏ ਸਨ। ਸਿੰਗਲਾ ਨੂੰ 1,00,023 ਵੋਟਾਂ ਮਿਲੀਆਂ ਜਦਕਿ ਮੂਸੇਵਾਲਾ ਨੂੰ ਸਿਰਫ਼ 36,700 ਵੋਟਾਂ ਮਿਲੀਆਂ ਸਨ।
ਸਿੰਗਲਾ ਨੂੰ ਇਸ ਲਈ ਕੀਤਾ ਗਿਆ ਸੀ ਬਰਖਾਸਤ
ਮਾਨਸਾ ਤੋਂ ਵਿਧਾਇਕ ਅਤੇ ਪੰਜਾਬ ਮੰਤਰੀ ਮੰਡਲ ਵਿੱਚ ਸਿਹਤ ਮੰਤਰੀ ਵਜੋਂ ਚੁਣੇ ਗਏ ਡਾਕਟਰ ਵਿਜੇ ਸਿੰਗਲਾ ਵਿਵਾਦਾਂ 'ਚ ਉਸ ਵੇਲੇ ਘਿਰ ਗਏ ਜਦੋਂ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। ਜਿਸ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਅਤੇ ਗ੍ਰਿਫਤਾਰ ਵੀ ਕੀਤਾ ਗਿਆ।
ਦੱਸ ਦੇਈਏ ਕਿ ਡਾਕਟਰ ਵਿਜੇ ਸਿੰਗਲਾ 'ਤੇ 1 ਫੀਸਦੀ ਕਮਿਸ਼ਨ ਮੰਗਣ ਦਾ ਇਲਜ਼ਾਮ ਲੱਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਮਾਮਲੇ 'ਤੇ ਪੁਲਿਸ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਡਾਕਟਰ ਵਿਜੇ ਸਿੰਗਲਾ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਸਿੰਗਲਾ ਦੀ ਇਲਜ਼ਾਮ ਲਾਉਣ ਵਾਲਿਆਂ ਨੂੰ ਲਲਕਾਰ
ਡਾਕਟਰ ਵਿਜੇ ਸਿੰਗਲਾ ਦੇ ਜੇਲ੍ਹ ਤੋਂ ਬਾਹਰ ਆਉਣ ’ਤੇ ਜਦੋਂ ਉਹ ਮਾਨਸਾ ਵਿੱਚ ਆਪਣੇ ਸਮਰਥਕਾਂ ਨਾਲ ਪੁੱਜੇ ਤਾਂ ਇਸ ਦੌਰਾਨ ਸਿੰਗਲਾ ਨੇ ਚੁਣੌਤੀ ਦਿੱਤੀ ਕਿ ਕੋਈ ਸਾਬਤ ਕਰੇ ਕਿ ਦਿਖਾ ਦੇਵੇ ਕਿ ਉਸ ਨੇ ਇੱਕ ਰੁਪਿਆ ਵੀ ਲਿਆ ਹੈ। ਮੰਤਰੀ ਦੇ ਕਾਰਜਕਾਲ ਦੌਰਾਨ ਕਈ ਟੈਂਡਰ ਅਤੇ ਸਮਾਨ ਦੀ ਖਰੀਦੋ-ਫਰੋਖਤ ਕੀਤੀ ਗਈ। ਮਹਿਕਮੇ ਵਿੱਚ ਜੋ ਵੀ ਕੰਮ ਹੋਇਆ ਸੀ। ਉਨ੍ਹਾਂ ਕਿਹਾ ਸੀ ਕਿ ਕੋਈ ਸਾਬਤ ਕਰੇ ਕਿ ਮੈਂ, ਮੇਰੇ ਪਰਿਵਾਰ, ਰਿਸ਼ਤੇਦਾਰਾਂ ਜਾਂ ਪਾਰਟੀ ਵਰਕਰਾਂ ਨੇ ਇੱਕ ਰੁਪਿਆ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ 'ਤੇ ਪੂਰਾ ਭਰੋਸਾ ਹੈ। ਪਾਰਟੀ ਵਫ਼ਾਦਾਰ ਸਿਪਾਹੀ ਨਾਲ ਨਿਆਂ ਜ਼ਰੂਰ ਕਰੇਗੀ।