ਤਿਉਹਾਰਾਂ ਦੇ ਸੀਜ਼ਨ 'ਚ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਨੇ ਪੰਜਾਬ ਨੂੰ ਪਛਾੜਿਆ
ਚੰਡੀਗੜ੍ਹ, 4 ਨਵੰਬਰ: ਇਸ ਤਿਉਹਾਰਾਂ ਦੇ ਸੀਜ਼ਨ ਪੰਜਾਬ ਦੀ ਆਮਦਨ ਵਿੱਚ 10 ਫ਼ੀਸਦੀ, ਹਰਿਆਣਾ 37 ਫ਼ੀਸਦੀ, ਚੰਡੀਗੜ੍ਹ 28 ਫ਼ੀਸਦੀ ਤੇ ਹਿਮਾਚਲ ਦੀ ਆਮਦਨ ਵਿੱਚ 14 ਫ਼ੀਸਦੀ ਵਾਧਾ ਹੋਇਆ। ਜਿਸਦਾ ਅਰਥ ਹੈ ਕਿ ਪੰਜਾਬ ਜੀਐਸਟੀ ਦੇ ਮੁਨਾਫ਼ੇ ਦੇ ਮਾਮਲੇ 'ਚ ਪਛੜ ਗਿਆ ਹੈ।
ਤਿਉਹਾਰਾਂ ਦੇ ਸੀਜ਼ਨ ਵਿੱਚ ਵੀ ਪੰਜਾਬ ਜੀਐਸਟੀ ਆਮਦਨ ਇਕੱਠਾ ਕਰਨ ਵਿੱਚ ਕੋਈ ਜ਼ਿਆਦਾ ਉੱਚਾ ਨਿਸ਼ਾਨਾ ਨਹੀਂ ਹਾਸਿਲ ਕਰ ਸਕਿਆ ਹੈ। ਪੰਜਾਬ ਨੂੰ ਅਕਤੂਬਰ 2022 ਵਿੱਚ 1760 ਕਰੋੜ ਦੀ ਆਮਦਨ ਹੋਈ ਹੈ ਜਦ ਕਿ ਪਿਛਲੇ ਸਾਲ ਅਕਤੂਬਰ ਵਿੱਚ 1595 ਕਰੋੜ ਦੀ ਆਮਦਨ ਹੋਈ ਸੀ।
ਗੁਆਂਢੀ ਸੂਬੇ ਹਰਿਆਣਾ ਨੂੰ ਇਸ ਸਾਲ 7662 ਕਰੋੜ ਦੀ ਆਮਦਨ ਹੋਈ ਜਦ ਕਿ ਪਿਛਲੇ ਸਾਲ 5606 ਕਰੋੜ ਦੀ ਆਮਦਨ ਹੋਈ ਸੀ। ਹਿਮਾਚਲ ਪ੍ਰਦੇਸ਼ ਨੂੰ ਇਸ ਸਾਲ 784 ਕਰੋੜ ਦੀ ਆਮਦਨ ਹੋਈ ਹੈ ਜਦ ਕਿ ਪਿਛਲੇ ਸਾਲ 689 ਕਰੋੜ ਦੀ ਆਮਦਨ ਹੋਈ ਸੀ।
ਚੰਡੀਗੜ੍ਹ ਨੂੰ ਜੀਐਸਟੀ ਰਾਹੀਂ 203 ਕਰੋੜ ਦੀ ਆਮਦਨ ਹੋਈ ਜਦ ਕਿ ਪਿਛਲੇ ਸਾਲ 158 ਕਰੋੜ ਦੀ ਆਮਦਨ ਹੋਈ ਸੀ। ਇਨ੍ਹਾਂ ਸੂਬਿਆਂ ਨੇ ਜੀਐਸਟੀ ਤੋਂ ਹੋਣ ਵਾਲੇ ਮੁਨਾਫ਼ੇ ਦੇ ਮਾਮਲੇ 'ਚ ਪੰਜਾਬ ਨੂੰ ਪਿੱਛੇ ਛੱਡ ਦਿੱਤਾ ਹੈ।
ਹਰਿਆਣਾ ਦੀ ਆਮਦਨ ਵਿੱਚ 37 ਫ਼ੀਸਦੀ ਦਾ ਵਾਧਾ ਹੋਇਆ ਹੈ ਜਦ ਕਿ ਹਿਮਾਚਲ ਪ੍ਰਦੇਸ਼ ਦੀ ਆਮਦਨ ਵਿੱਚ 14 ਫ਼ੀਸਦੀ ਅਤੇ ਚੰਡੀਗੜ੍ਹ ਦੀ ਆਮਦਨ ਵਿੱਚ 28 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੂੰ ਅਕਤੂਬਰ 2022 ਵਿੱਚ ਪਿਛਲੇ ਸਾਲ ਦੇ ਮੁਕਾਬਲੇ 165 ਕਰੋੜ ਜ਼ਿਆਦਾ ਆਮਦਨ ਹੋਈ ਹੈ ਜੱਦੋ ਕਿ ਹਰਿਆਣਾ ਨੂੰ 1956 ਕਰੋੜ ਜ਼ਿਆਦਾ ਆਮਦਨ ਹੋਈ ਹੈ।
ਇਹ ਵੀ ਪੜ੍ਹੋ: EXCLUSIVE: ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤੇ ਝੂਠੇ ਅੰਕੜੇ? CAG ਦੀ ਰਿਪੋਰਟ ਨੇ ਜ਼ਾਹਿਰ ਕੀਤਾ ਸੱਚ
ਪੰਜਾਬ ਸਰਕਾਰ ਨੇ ਇਸ ਵਾਰ ਜੀਐਸਟੀ ਤੋਂ ਬਜਟ ਵਿੱਚ 20550 ਕਰੋੜ ਦਾ ਟੀਚਾ ਰੱਖਿਆ ਹੈ ਅਤੇ ਸਰਕਾਰ ਨੂੰ 30 ਸਤੰਬਰ ਤਕ 8482 ਕਰੋੜ ਦੀ ਆਮਦਨ ਹੋਈ ਸੀ ਜਦ ਕਿ ਅਕਤੂਬਰ ਮਹੀਨੇ ਵਿੱਚ 1760 ਕਰੋੜ ਦੀ ਆਮਦਨ ਹੋਈ ਹੈ।
ਸਰਕਾਰ ਨੂੰ 31 ਅਕਤੂਬਰ ਤਕ 10242 ਕਰੋੜ ਦੀ ਆਮਦਨ ਹੋਈ ਹੈ।
- ਰਿਪੋਰਟਰ ਰਵਿੰਦਰਮੀਤ ਦੀ ਰਿਪੋਰਟ