ਐਸਵਾਈਐਲ ਨਹਿਰ ਬਨਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ: ਸੁਨੀਲ ਜਾਖੜ
ਸੂਬੇ ਦੇ ਹਿੱਤਾਂ ਦੀ ਰਾਖੀ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ
ਚੰਡੀਗੜ੍ਹ: ਸੂਬੇ ਦੇ ਹਿੱਤਾਂ ਦੀ ਰਾਖੀ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਸੁਨੀਲ ਜਾਖੜ ਅੱਜ ਇੱਥੇ “ਮੇਰੀ ਮਿੱਟੀ ਮੇਰਾ ਦੇਸ਼ “ਤਹਿਤ ਇਕ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਸਮੂਲੀਅਤ ਕਰਨ ਪਹੁੰਚੇ ਸਨ।
ਐਸਵਾਈਐਲ ਮੁੱਦੇ ਉਤੇ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਸੂਬੇ ਦੇ ਹਿੱਤਾਂ ਉਤੇ ਪਹਿਰਾ ਦੇਣਾ ਹੁੰਦਾ ਹੈ, ਪ੍ਰੰਤੂ ਮੁੱਖ ਮੰਤਰੀ ਉਸ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਏ ਫੈਸਲੇ ਮੁਤਾਬਕ ਜੇਕਰ ਐਸਵਾਈਐਲ ਨਹਿਰ ਬਣਦੀ ਹੈ, ਹੋਰ ਪਾਣੀ ਹਰਿਆਣਾ ਨੂੰ ਜਾਂਦਾ ਤਾਂ ਉਸਦੀ ਮਾਰ ਸਭ ਤੋਂ ਜ਼ਿਆਦਾ ਮਾਲਵੇ ਨੂੰ ਪੈਣੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਚਿੰਤਾ ਹੈ, ਪ੍ਰੰਤੂ ਮੁੱਖ ਮੰਤਰੀ ਚਿੰਤਾ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਭਟਕਾਉਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਮਸਲਾ ਲੋਕਾਂ ਦੀ ਰੋਜੀ ਰੋਟੀ ਦਾ ਸਵਾਲ ਹੈ।
ਉਨ੍ਹਾਂ 1 ਨਵੰਬਰ ਦੀ ਬਹਿਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਭ ਕੁਝ ਦਿੱਲੀ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਸ ਸਬੰਧੀ ਗੱਲ ਕੀਤੀ ਕਿ ਸਾਡੇ ਆਗੂਆਂ ਤੇ ਮੀਡੀਆ ਟੀਮ ਦਾ ਕੀ ਪ੍ਰਬੰਧ ਹੈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ, ਸਟੇਟ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ, ਜਦੋਂ ਮੈਂ ਸਟੇਟ ਤੋਂ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਪ੍ਰਬੰਧ ਦਿੱਲੀ ਤੋਂ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਦਿੱਲੀ ਹੀ ਚਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਨੂੰ ਛਾਊਣੀ ਵਿੱਚ ਬਦਲਣ ਦੀ ਤਿਆਰੀ ਹੈ, ਇਸ ਨਾਲ ਲੋਕ ਖੱਜਲ ਖੁਆਰ ਹੋਣਗੇ। ਜੇਕਰ ਬਹਿਸ ਕਰਨੀ ਹੈ ਤਾਂ ਕਿਸੇ ਸਟੂਡੀਓ ਵਿੱਚ ਬੈਠ ਕੇ ਵੀ ਹੋ ਸਕਦੀ ਹੈ, ਜਿੱਥੋਂ ਸਾਰੇ ਲੋਕ ਦੇਖਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਸਲੀ ਮੁੱਦੇ ਨੂੰ ਭਟਕਾਉਣ ਦੇ ਲਈ ਕੰਮ ਕਰ ਰਹੇ ਹਨ, ਕਿਉਂਕਿ ਇਨ੍ਹਾਂ ਕੋਲ ਕੋਈ ਸਮਝ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੁਮਾਇੰਦੇ ਹਾਂ, ਕੇਂਦਰ ਵਿੱਚ ਸਾਡੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਨਹਿਰ ਬਣੇਗੀ ਅਤੇ ਨਾ ਹੀ ਪਾਣੀ ਹਰਿਆਣਾ ਨੂੰ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬ ਭਾਜਪਾ ਸੂਬੇ ਦੇ ਹਿੱਤਾ ਲਈ ਡਟਕੇ ਪਹਿਰਾ ਦੇਵੇਗੀ ,ਐਸਵਾਈਐਲ ਨਹਿਰ ਬਨਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ।