ਨਰਮੇ ਦੀ ਚੁਗਾਈ ਦਾ ਮੁਆਵਜ਼ਾ ਨਾ ਮਿਲਣ 'ਤੇ ਪੰਜਾਬ ਸਰਕਾਰ ਖ਼ਿਲਾਫ਼ ਭੜਕੇ ਮਜ਼ਦੂਰ
ਬਠਿੰਡਾ : ਮਾਲਵੇ ਅੰਦਰ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਤੇ ਪ੍ਰਭਾਵਿਤ ਹੋਈ ਚੁਗਾਈ ਦਾ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਸਹੀ ਮੁਆਵਜ਼ਾ ਨਾ ਦੇਣ ਦੇ ਰੋਸ ਵਜੋਂ ਸੈਂਕੜੇ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਮੰਗਾਂ ਨਾ ਮੰਨੇ ਜਾਣ ਉਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂਆਂ ਨੇ ਦੱਸਿਆ ਗੁਲਾਬੀ ਸੁੰਡੀ ਕਰਕੇ ਖ਼ਰਾਬ ਹੋਏ ਨਰਮੇ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ ਪਰ ਨਾਲ ਹੀ ਉਨ੍ਹਾਂ ਨੇ ਸੰਘਰਸ਼ ਕਰਕੇ ਮਜ਼ਦੂਰਾਂ ਨੂੰ ਚੁਗਾਈ ਦਾ ਮੁਆਵਜ਼ਾ ਵੀ ਦਿਵਾਇਆ ਸੀ। ਬੇਸ਼ੱਕ ਸਰਕਾਰ ਨੇ ਐਲਾਨ ਕੀਤਾ ਪਰ ਪਿੰਡਾਂ ਵਿਚ ਮਜ਼ਦੂਰਾਂ ਨੂੰ ਸਹੀ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਕਾਰਨ ਉਨ੍ਹਾਂ ਮੰਗ ਕੀਤੀ ਕਿ ਇਸ ਵਾਰ ਚਿੱਟੇ ਮੱਛਰ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੀ ਚੁਗਾਈ ਦਾ ਹਰ ਮਜ਼ਦੂਰ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੁਲਿਸ ਦੀ ਕ੍ਰੇਨ ਨੇ CM ਜਗਨਮੋਹਨ ਰੈੱਡੀ ਦੀ ਭੈਣ ਸ਼ਰਮੀਲਾ ਰੈੱਡੀ ਨੂੰ ਕਾਰ ਸਮੇਤ ਚੁੱਕਿਆ
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਸੀ ਪਰ ਸਮਾਂ ਦੇ ਕੇ ਮੀਟਿੰਗ ਨਹੀਂ ਕੀਤੀ ਗਈ। ਉਹ ਆਪਣੀਆਂ ਮੰਗਾਂ ਨੂੰ ਲੈ ਕੇ 30 ਨਵੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਕੁੰਡਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦਾ ਜਥਾ ਪੰਜਾਬ ਵਿੱਚ ਤੁਰਿਆ ਹੋਇਆ ਹੈ ਤੇ 3 ਦਸੰਬਰ ਨੂੰ ਬਠਿੰਡਾ ਜ਼ਿਲ੍ਹਾ 'ਚ ਆਵੇਗਾ ਜਿਸ ਦਾ ਸਵਾਗਤ ਕੀਤਾ ਜਾਵੇਗਾ ਅਤੇ ਛੇ ਦਸੰਬਰ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਬਠਿੰਡਾ ਵਿਖੇ ਮਨਾਇਆ ਜਾਵੇਗਾ।