ਔਰਤ ਨੇ ਕੱਪੜੇ ਉਤਾਰ ਕੇ ਸਟਾਫ ਮੈਂਬਰਾਂ ਨਾਲ ਕੀਤੀ ਬਦਸਲੂਕੀ, ਗ੍ਰਿਫ਼ਤਾਰ
ਮੁੰਬਈ : ਆਬੂ ਧਾਬੀ ਤੋਂ ਮੁੰਬਈ ਆ ਰਹੀ ਵਿਸਤਾਰਾ ਏਅਰਲਾਈਨ ਦੀ ਉਡਾਨ (ਯੂ.ਕੇ.-256) ਵਿਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇਕ ਇਤਾਲਵੀ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਫਲਾਈਟ 'ਚ ਇਧਰ-ਉਧਰ ਘੁੰਮਣ ਲੱਗੀ। ਰੋਕੇ ਜਾਣ 'ਤੇ ਮਹਿਲਾ ਨੇ ਉਡਾਣ ਦੇ ਸਟਾਫ ਮੈਂਬਰਾਂ ਨਾਲ ਬਦਸਲੂਕੀ ਕੀਤੀ ਅਤੇ ਹੱਥੋਪਾਈ ਵੀ ਕੀਤੀ। ਔਰਤ ਨੇ ਇਕ ਸਟਾਫ ਮੈਂਬਰ ਦੇ ਮੁੱਕਾ ਵੀ ਮਾਰਿਆ। ਜਹਾਜ਼ ਦੇ ਮੁੰਬਈ 'ਚ ਉਤਰਦੇ ਹੀ ਚਾਲਕ ਦਲ ਦੇ ਮੈਂਬਰ ਦੀ ਸ਼ਿਕਾਇਤ 'ਤੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਟਲੀ ਦੀ ਰਹਿਣ ਵਾਲੀ ਔਰਤ ਦੀ ਪਹਿਚਾਣ ਪਾਓਲਾ ਪੇਰੁਚਿਓ ਵਜੋਂ ਹੋਈ ਹੈ। ਉਹ ਉਡਾਨ 'ਚ ਸ਼ਰਾਬ ਨਾਲ ਟੱਲੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਪੂਰੀ ਕਰਨ ਤੋਂ ਬਾਅਦ ਮੁਲਜ਼ਮ ਔਰਤ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਉਸ 'ਤੇ 25,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਔਰਤ ਨੂੰ ਜ਼ਮਾਨਤ ਮਿਲ ਗਈ ਹੈ।
ਬਿਜ਼ਨਸ ਕਲਾਸ 'ਚ ਬੈਠੀ ਸੀ ਔਰਤ
ਪੁਲਿਸ ਨੇ ਦੱਸਿਆ ਕਿ ਇਟਲੀ ਦੀ ਰਹਿਣ ਵਾਲੀ ਔਰਤ ਉਡਾਨ ਦੌਰਾਨ ਬਿਜ਼ਨੈਸ ਕਲਾਸ 'ਚ ਜਾ ਕੇ ਬੈਠ ਗਈ, ਜਦਕਿ ਉਸ ਕੋਲ ਇਕਨਾਮੀ ਕਲਾਸ ਦੀ ਟਿਕਟ ਸੀ। ਜਦੋਂ ਕਰੂ ਮੈਂਬਰ ਨੇ ਉਸ ਨੂੰ ਆਪਣੀ ਸੀਟ 'ਤੇ ਜਾਣ ਲਈ ਕਿਹਾ ਤਾਂ ਔਰਤ ਨੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਉਸਨੇ ਚਾਲਕ ਦਲ ਦੇ ਇਕ ਮੈਂਬਰ ਨੂੰ ਮੁੱਕਾ ਮਾਰਿਆ ਅਤੇ ਇਕ 'ਤੇ ਥੁੱਕ ਦਿੱਤਾ। ਇਸ ਤੋਂ ਬਾਅਦ ਔਰਤ ਨੇ ਆਪਣੇ ਕੱਪੜੇ ਉਤਾਰ ਦਿੱਤੇ ਤੇ ਇਧਰ-ਉਧਰ ਘੁੰਮਣ ਲੱਗੀ।
ਸੀਟ ਨਾਲ ਬੰਨ੍ਹੀ ਔਰਤ
ਮਹਿਲਾ ਦੇ ਅਜਿਹੇ ਵਤੀਰੇ ਨੇ ਫਲਾਈਟ 'ਚ ਹੰਗਾਮਾ ਮਚਾ ਦਿੱਤਾ। ਇਸ ਤੋਂ ਬਾਅਦ ਕਪਤਾਨ ਦੇ ਕਹਿਣ 'ਤੇ ਕਰੂ ਮੈਂਬਰ ਨੇ ਮਹਿਲਾ ਨੂੰ ਫੜ ਲਿਆ ਅਤੇ ਉਸ ਨੂੰ ਕੱਪੜੇ ਪਹਿਨਾ ਦਿੱਤੇ। ਔਰਤ ਨੂੰ ਇਕ ਸੀਟ ਨਾਲ ਬੰਨ੍ਹਿਆ ਗਿਆ ਸੀ ਅਤੇ ਜਦੋਂ ਫਲਾਈਟ ਲੈਂਡ ਹੋਈ ਤਾਂ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ 'ਚ ਵਿਸਤਾਰਾ ਏਅਰਲਾਈਨਜ਼ ਵੱਲੋਂ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੌਸਮ ਦਾ ਮਿਜ਼ਾਜ ; ਪਹਾੜੀ ਇਲਾਕਿਆਂ 'ਚ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਛਿੜੀ ਕੰਬਣੀ
ਵਿਸਤਾਰਾ ਦੇ ਬੁਲਾਰੇ ਨੇ ਕਿਹਾ, ਪਾਇਲਟ ਨੇ ਹੋਰ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਨਿਯਮਤ ਘੋਸ਼ਣਾ ਕੀਤੀ। ਹਾਲਾਂਕਿ ਮਹਿਲਾ ਦੇ ਇਨਕਾਰ ਕਰਨ 'ਤੇ ਸੁਰੱਖਿਆ ਏਜੰਸੀਆਂ ਨੂੰ ਫਲਾਈਟ ਦੇ ਲੈਂਡ ਹੋਣ 'ਤੇ ਤੁਰੰਤ ਕਾਰਵਾਈ ਕਰਨ ਦੀ ਸੂਚਨਾ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਐਸਓਪੀ ਅਨੁਸਾਰ ਘਟਨਾ ਦੀ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਵਿਸਤਾਰਾ ਆਪਣੇ ਯਾਤਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਦੇ ਸਬੰਧ ਵਿੱਚ ਜ਼ੀਰੋ ਟੋਲਰੈਂਸ ਨੀਤੀ ਦਾ ਪੱਕਾ ਪਾਲਣ ਕਰਦਾ ਹੈ।