ਮੌੜ ਬੰਬ ਧਮਾਕੇ ਦੇ ਪੀੜਤ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ, ਸਰਕਾਰਾਂ ਨੇ ਮਾਮਲਾ ਠੰਢੇ ਬਸਤੇ ਪਾਇਆ

By  Ravinder Singh January 31st 2023 01:00 PM

ਬਠਿੰਡਾ : ਵਿਧਾਨ ਸਭਾ ਹਲਕਾ ਮੌੜ ਮੰਡੀ ਵਿਖੇ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾ ਹੋਏ ਬੰਬ ਧਮਾਕੇ ਦੇ ਪੀੜਤ 6 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਕਈ ਪੀੜਤਾਂ ਨੂੰ ਤਾਂ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ ਜਿਸ ਕਰਕੇ ਉਹ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਕੇ ਅੱਕ ਚੁੱਕੇ ਹਨ।



ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾ 31 ਜਨਵਰੀ ਦੀ ਸ਼ਾਮ ਨੂੰ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਜਨ ਸਭਾ ਨੇੜੇ ਧਮਾਕਾ ਹੋ ਗਿਆ ਸੀ, ਜਿਸ ਦੌਰਾਨ 4 ਬੱਚਿਆਂ ਸਮੇਤ 2 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਅੱਜ ਵੀ ਜ਼ਿੰਦਗੀ ਨਾਲ ਜੂਝ ਰਹੇ ਹਨ। ਭਾਵੇਂ ਕਿ ਬੰਬ ਕਾਂਡ ਦੇ ਮੁਲਜ਼ਮਾਂ ਨੂੰ ਫੜ੍ਹਨ ਤੇ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਨਾ ਮਿਲਣ ਕਰਕੇ ਸੰਘਰਸ਼ ਕਮੇਟੀਆਂ ਵੱਲੋਂ ਸੰਘਰਸ਼ ਵੀ ਕੀਤੇ ਗਏ ਪਰ ਅਜੇ ਤੱਕ ਕਈ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਨਹੀਂ ਮਿਲੀ ਜਦੋਂਕਿ ਸਾਰੇ ਪਰਿਵਾਰ ਇਨਸਾਫ਼ ਦੀ ਉਡੀਕ ਕਰ ਰਹੇ ਹਨ।


ਪੀੜਤਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਨਾ ਹੀ ਨੌਕਰੀ ਮਿਲੀ ਨਾ ਹੀ ਇਨਸਾਫ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਪੀੜਤਾ ਨੇ ਡੇਰਾ ਸਿਰਸਾ ਮੁਖੀ ਨੂੰ ਮਿਲ ਰਹੀ ਪੈਰੋਲ ਉਤੇ ਵੀ ਇਤਰਾਜ ਜ਼ਾਹਿਰ ਕੀਤਾ। ਪੀੜਤ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੰਬ ਬਲਾਸਟ ਦੌਰਾਨ ਉਨ੍ਹਾਂ ਦੇ ਪੋਤੇ ਦੀ ਮੌਤ ਹੋ ਗਈ ਸੀ।

ਡੇਰਾ ਸਿਰਸਾ ਮੁਖੀ ਨੂੰ ਰਾਜਨੀਤੀ ਦਬਾਅ 'ਚ ਪੈਰੋਲ ਦਿੱਤੀ ਜਾ ਰਹੀ ਹੈ ਪਰ ਹਿੰਦੁਸਤਾਨ 'ਚ ਕਿਸੇ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਪੀੜਤ ਨਛੱਤਰ ਸਿੰਘ ਨੇ ਦੱਸਿਆ ਕਿ ਅੱਜ ਦੀਆਂ ਸਰਕਾਰਾਂ ਤੋਂ ਉਨ੍ਹਾਂ ਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਮੁਲਜ਼ਮਾਂ ਨੂੰ ਭਗੌੜਾ ਕਰਾਰ ਦੇ ਕੇ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਬਾਰਡਰ ’ਤੇ ਮੁੜ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ 14 ਰਾਊਂਡ ਫਾਇਰਿੰਗ

ਕਾਬਿਲੇਗੌਰ ਹੈ ਕਿ ਇਸ ਮਾਮਲੇ 'ਚ ਕਈ ਵਾਰ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਮਾਮਲੇ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਵੀ ਜੁੜੀਆਂ ਸਨ। ਕਈ ਲੋਕਾਂ ਨੂੰ ਮਾਮਲੇ 'ਚ ਮੁਲਜ਼ਮ ਦੱਸ ਕੇ ਭਗੌੜਾ ਕਰਾਰ ਦੇਣ ਤੋਂ ਬਾਅਦ ਮਾਮਲਾ ਠੰਢੇ ਬਸਤੇ 'ਚ ਪਾ ਦਿੱਤਾ ਗਿਆ।

Related Post