ਟੋਲ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਟੋਲ ਪਲਾਜ਼ਿਆਂ ਤੋਂ ਨਾ ਹਟਾਉਣ 'ਤੇ ਸੰਘਰਸ਼ ਦੀ ਦਿੱਤੀ ਚਿਤਾਵਨੀ
ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੂਹ ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨਾਲ ਮੁਲਾਕਾਤ ਕੀਤੀ ਗਈ ਤੇ ਇਕ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਟੋਲ ਕਰਮੀਆਂ ਨੇ ਕਿਹਾ ਕਿ ਬੀਤੇ ਦਿਨੀਂ ਟੋਲ ਪਲਾਜ਼ਾ ਬੰਦ ਕਰਵਾਉਣ ਦੀ ਆੜ ਵਿਚ ਕਿਸਾਨਾਂ ਵੱਲੋਂ ਗਲਤ ਸਲੂਕ ਕੀਤਾ ਗਿਆ ਤੇ ਟੋਲ ਕਰਮੀਆਂ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਟੋਲ ਉਤੇ ਕੰਮ ਕਰਦੀਆਂ ਲੜਕੀਆਂ ਨਾਲ ਵੀ ਕੁੱਟਮਾਰ ਕਰਦਿਆਂ ਬੇਹੱਦ ਘਟੀਆ ਬਦਸਲੂਕੀ ਕੀਤਾ ਗਿਆ ਜਿਸ ਕਾਰਨ ਅੱਜ ਉਹ ਪ੍ਰਸ਼ਾਸਨ ਨਾਲ ਮੁਲਾਕਾਤ ਕਰ ਰਹੇ ਹਨ।
ਇਹ ਵੀ ਪੜ੍ਹੋ : ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਸੌਂਪੀ ਥਾਰ ਗੱਡੀ ਤੇ ਪਿਸਤੌਲ, ਬਦਲਾਅ 'ਤੇ ਲਾਈ ਪਾਬੰਦੀ
ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ 20 ਦਸੰਬਰ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਣਗੇ।
ਇਸ ਮੌਕੇ ਚੋਲਾਂਗ ਟੋਲ ਪਲਾਜ਼ਾ ਉਤੇ ਕੰਮ ਕਰਦੇ ਕਰਿੰਦਿਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਜਿਥੇ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਗਈ ਹੈ ਉਥੇ ਹੀ ਟਾਂਡਾ ਦੇ ਐਸਐਚਓ ਮਲਕੀਤ ਸਿੰਘ ਨੇ ਵੀ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਤੇ ਗਾਲ੍ਹਾਂ ਕੱਢੀਆ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਟੋਲ ਪਲਾਜ਼ਿਆਂ ਤੋਂ ਹਟਾਇਆ ਜਾਵੇ ਤਾਂ ਜੋ ਉਹ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਸਕਣ।