ਜ਼ਮੀਨ ਧੱਸਣ ਕਾਰਨ ਜੋਸ਼ੀਮਠ 'ਚ ਮੰਦਿਰ ਡਿੱਗਿਆ, ਕਈ ਮਕਾਨਾਂ ਨੂੰ ਪਈਆਂ ਤਰੇੜਾਂ

By  Ravinder Singh January 7th 2023 10:45 AM

ਜੋਸ਼ੀਮੱਠ : ਉਤਰਾਖੰਡ ਦੇ ਜੋਸ਼ੀਮਠ 'ਚ ਜ਼ਮੀਨ ਧੱਸਣ ਕਾਰਨ ਪਹਿਲੀ ਘਟਨਾ ਵਾਪਰੀ ਹੈ। ਬਦਰੀਨਾਥ ਧਾਮ ਤੋਂ ਸਿਰਫ਼ 50 ਕਿਲੋਮੀਟਰ ਦੂਰ ਜ਼ਮੀਨ ਧੱਸ਼ਣ ਕਾਰਨ ਜੋਸ਼ੀਮਠ ਵਿਚ ਇਕ ਮੰਦਰ ਢਹਿ ਗਿਆ ਹੈ। ਇੱਥੇ ਪਹਿਲਾਂ ਹੀ ਸਾਰੇ 9 ਵਾਰਡਾਂ ਨੂੰ ਖਤਰਨਾਕ ਐਲਾਨਿਆ ਜਾ ਚੁੱਕਾ ਹੈ। ਇਨ੍ਹਾਂ ਵਾਰਡਾਂ ਵਿੱਚ 603 ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਇਹ ਤਰੇੜਾਂ ਦਿਨੋਂ-ਦਿਨ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ।

ਦੋ ਦਰਜਨ ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੁਰੱਖਿਆ ਲਈ ਉਪਾਅ ਸੁਝਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਅੱਜ ਜੋਸ਼ੀਮਠ ਜਾ ਰਹੇ ਹਨ।

ਇਹ ਵੀ ਪੜ੍ਹੋ : ਸਰਦੀ ਦਾ ਕਹਿਰ ਬਰਕਰਾਰ, ਫ਼ਸਲਾਂ ਲਈ ਠੰਢ ਲਾਹੇਵੰਦ ਹੋਣ ਕਾਰਨ ਕਿਸਾਨਾਂ ਦੇ ਖਿੜੇ ਚਿਹਰੇ

ਮਾਹਿਰਾਂ ਦੀ ਟੀਮ, ਜਿਸ ਵਿਚ ਪ੍ਰਸ਼ਾਸਨ ਤੇ ਸੂਬਾਈ ਆਫ਼ਤ ਪ੍ਰਬੰਧਨ ਦੇ ਅਧਿਕਾਰੀ ਸ਼ਾਮਲ ਹਨ, ਨੇ ਜ਼ਮੀਨ ਧਸਣ ਕਰਕੇ ਅਸਰਅੰਦਾਜ਼ ਖੇਤਰਾਂ ਦਾ ਘਰ-ਘਰ ਜਾ ਕੇ ਸਰਵੇਖਣ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜੋਸ਼ੀਮੱਠ ਵਿਚ ਜ਼ਮੀਨ ਧਸਣ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਕਮੇਟੀ ਕਾਇਮ ਕਰ ਦਿੱਤੀ ਹੈ। ਸਥਾਨਕ ਲੋਕਾਂ ਮੁਤਾਬਕ ਅੱਜ ਦੇ ਹਾਦਸੇ ਮੌਕੇ ਮੰਦਰ 'ਚ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਰਕੇ ਸੱਟ-ਫੇਟ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।


ਲੋਕਾਂ ਮੁਤਾਬਕ ਇਸ ਮੰਦਿਰ ਵਿੱਚ ਪਿਛਲੇ 15 ਦਿਨਾਂ ਦੌਰਾਨ ਵੱਡੀਆਂ ਤਰੇੜਾਂ ਪੈ ਗਈਆਂ ਸਨ। ਆਫ਼ਤ ਪ੍ਰਬੰਧਨ ਅਧਿਕਾਰੀ ਨੇ ਕਿਹਾ ਕਿ ਕਈ ਘਰਾਂ 'ਚ ਵੱਡੀਆਂ ਦਰਾੜਾਂ ਉੱਭਰ ਆਈਆਂ ਹਨ ਅਤੇ 50 ਦੇ ਕਰੀਬ ਪਰਿਵਾਰਾਂ ਨੂੰ ਸੁਰੱਖਿਅਤ ਟਿਕਾਣਿਆਂ ਉਤੇ ਭੇਜ ਦਿੱਤਾ ਹੈ। ਡਾਇਰੈਕਟਰ ਪੰਕਜ ਚੌਹਾਨ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਵਿਸ਼ਨੂ ਪ੍ਰਯਾਗ ਜਲ ਵਿਦਯੁਤ ਪਰਿਯੋਜਨਾ ਮੁਲਾਜ਼ਮਾਂ ਲਈ ਬਣੀ ਕਲੋਨੀ ਵਿਚ ਰਹਿੰਦੇ 60 ਪਰਿਵਾਰਾਂ ਨੂੰ ਕਿਤੇ ਹੋਰ ਤਬਦੀਲ ਕੀਤਾ ਗਿਆ ਹੈ। ਸਭ ਤੋਂ ਵੱਧ ਮਾਰ ਮਾਰਵਾੜੀ ਇਲਾਕੇ ਨੂੰ ਪਈ, ਜਿੱਥੇ ਤਿੰਨ ਦਿਨ ਪਹਿਲਾਂ ਚੱਟਾਨ ਵਿਚ ਧਮਾਕਾ ਹੋਇਆ ਸੀ। ਧਮਾਕੇ ਕਰਕੇ ਕਈ ਘਰਾਂ ਨੂੰ ਨੁਕਸਾਨ ਪੁੱਜਾ ਸੀ ਜਦੋਂਕਿ ਚੱਟਾਨ ਦੇ ਇਸ ਹਿੱਸੇ ’ਚੋਂ ਲਗਾਤਾਰ ਪਾਣੀ ਪੂਰੇ ਜ਼ੋਰ ਨਾਲ ਨਿਕਲ ਰਿਹਾ ਹੈ। 

Related Post