CM ਦੇ ਇੰਤਜ਼ਾਰ ’ਚ ਸ਼ਹੀਦ ਭਗਤ ਸਿੰਘ ਦਾ ਬੁੱਤ ! ਮੁਹਾਲੀ ਏਅਰਪੋਰਟ ’ਤੇ ਅੱਜ ਕੀਤੀ ਜਾਣੀ ਸੀ ਬੁੱਤ ਦੀ ਘੁੰਡ ਚੁਕਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਮੁਹਾਲੀ ਏਅਰਪੋਰਟ 'ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਨਹੀਂ ਕੀਤਾ ਗਿਆ।
Shaheed Bhagat Singh Birth Anniversary : ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ’ਤੇ ਮੁਹਾਲੀ ਏਅਰਪੋਰਟ ਉੱਤੇ ਜੋ ਭਗਤ ਸਿੰਘ ਦਾ ਬੁੱਤ ਲਗਾਇਆ ਗਿਆ ਹੈ, ਉਸ ਦੀ ਅੱਜ ਘੁੰਡ ਚੁਕਾਈ ਹੋਣੀ ਸੀ। ਦੱਸ ਦਈਏ ਕਿ ਬੁੱਤ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਣਾ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਹਸਪਤਾਲ ਵਿੱਚ ਭਰਤੀ ਹਨ, ਜਿਸ ਕਾਰਨ ਉਹ ਬੁੱਤ ਦੀ ਘੁੰਡ ਚੁਕਾਈ ’ਤੇ ਨਹੀਂ ਪਹੁੰਚ ਸਕੇ ਤੇ ਇਹ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ।
ਸ਼ਹੀਦ ਭਗਤ ਸਿੰਘ ਦਾ ਬੁੱਤ ਮੁੱਖ ਮੰਤਰੀ ਦੀ ਉਡੀਕ ਦੇ ਵਿੱਚ ਹੀ ਖੜਾ ਹੈ, ਕਿਉਂਕਿ ਜੇਕਰ ਮੁੱਖ ਮੰਤਰੀ ਇੱਥੇ ਪੁੱਜਦੇ ਤਾਂਹੀ ਇਸਦੀ ਘੁੰਡ ਚੁਕਾਈ ਹੁੰਦੀ ਅਤੇ ਇਹ ਬੁੱਤ ਲੋਕ ਅਰਪਿਤ ਕੀਤਾ ਜਾਂਦਾ।
ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਅੱਜ
ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 28 ਸਤੰਬਰ 1907 ਨੂੰ ਪੱਛਮੀ ਪੰਜਾਬ ਵਿੱਚ ਹੋਇਆ ਸੀ। ਉਹ ਬਚਪਨ ਤੋਂ ਹੀ ਦੇਸ਼ ਭਗਤੀ ਦੇ ਜਜ਼ਬੇ ਨਾਲ ਰੰਗੇ ਹੋਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਆਜ਼ਾਦੀ ਸੰਗਰਾਮ ਨਾਲ ਜੁੜੇ ਲੋਕ ਸਨ। ਪਰਿਵਾਰਕ ਮੈਂਬਰਾਂ ਵਿਚ ਦੇਸ਼ ਭਗਤੀ ਦੀ ਭਾਵਨਾ ਦੇਖ ਕੇ ਉਨ੍ਹਾਂ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਿਆ। ਭਗਤ ਸਿੰਘ ਨੇ ਅਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਅੱਗੇ ਹੋਣ ਅਤੇ ਦੇਸ਼ ਲਈ ਆਪਣੀ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ।
ਭਗਤ ਸਿੰਘ, ਉਸਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਦੇ ਨਾਲ, ਬ੍ਰਿਟਿਸ਼ ਸਰਕਾਰ ਦੁਆਰਾ 23 ਮਾਰਚ, 1931 ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਉਹਨਾਂ ਦੀ ਸ਼ਮੂਲੀਅਤ ਲਈ ਫਾਂਸੀ ਦੇ ਦਿੱਤੀ ਗਈ ਸੀ। ਭਗਤ ਸਿੰਘ ਦੇ ਜੀਵਨ ਦੀ ਹਰ ਕਹਾਣੀ ਸਾਨੂੰ ਪ੍ਰੇਰਿਤ ਕਰਦੀ ਹੈ।
ਇਹ ਵੀ ਪੜ੍ਹੋ : Panchyat Election : ਸਰਮਾਏਦਾਰਾਂ ਨੇ ਬੋਲੀ ਲਗਾ ਕੇ ਸਾਢੇ 35 ਲੱਖ 'ਚ ਮਾਰਿਆ ਸਰਪੰਚੀ ਦਾ ਸੌਦਾ ! ਦੇਖੋ ਵੀਡੀਓ