ਖੇਡ ਮੰਤਰੀ ਨੇ ਓਲੰਪਿਕ-2024 ਦੀ ਤਿਆਰੀ ਲਈ ਅਕਸ਼ਦੀਪ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ
ਚੰਡੀਗੜ੍ਹ : ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੈਰਿਸ ਓਲੰਪਿਕ-2024 ਦੀ ਤਿਆਰੀ ਲਈ ਅਕਸ਼ਦੀਪ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਜਾਣਕਾਰੀ ਅਨੁਸਾਰ ਮੀਤ ਹੇਅਰ ਨੇ ਚੰਡੀਗੜ੍ਹ ਵਿਚ ਆਪਣੀ ਰਿਹਾਇਸ਼ ਉੱਤੇ ਅਕਸ਼ਦੀਪ ਸਿੰਘ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਖੇਡ ਮੰਤਰੀ ਨੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਓਲੰਪਿਕਸ ਲਈ ਕੁਆਲੀਫਾਈ ਹੋਏ ਪਹਿਲੇ ਭਾਰਤੀ ਅਥਲੀਟ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਖਿਡਾਰੀਆਂ ਨੂੰ ਮਾਣ ਸਨਮਾਨ ਦੇਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਖੇਡ ਮੰਤਰੀ ਵੱਲੋਂ ਅਕਸ਼ਦੀਪ ਸਿੰਘ ਨੂੰ ਪੰਜਾਬ ਸਰਕਾਰ ਤਰਫੋਂ ਹਰ ਤਰ੍ਹਾਂ ਦੀ ਮਦਦ ਦਾ ਵਿਸ਼ਵਾਸ ਦਿਵਾਇਆ ਗਿਆ।
ਕਾਬਿਲੇਗੌਰ ਹੈ ਕਿ ਅਕਸ਼ਦੀਪ ਨੇ ਰਾਂਚੀ ਵਿਖੇ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ਵਿੱਚ ਅਕਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ 1.19.55 ਸਮੇਂ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ : PSTET 2023 ਪ੍ਰੀਖਿਆ ਦਾ ਹੋਇਆ ਐਲਾਨ, ਇਸ ਦਿਨ ਹੋਵੇਗਾ ਟੈਸਟ
ਇਸ ਤੋਂ ਇਲਾਵਾ ਅਕਸ਼ਦੀਪ ਸਿੰਘ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲਾ ਪਹਿਲਾ ਭਾਰਤੀ ਅਥਲੀਟ ਤੇ ਓਵਰ ਆਲ ਚੌਥਾ ਖਿਡਾਰੀ ਬਣਿਆ ਹੈ। 23 ਵਰ੍ਹਿਆਂ ਦਾ ਨੌਜਵਾਨ ਖਿਡਾਰੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ ਰਹਿਣ ਵਾਲਾ ਹੈ। ਇਸ ਮੌਕੇ ਅਕਸ਼ਦੀਪ ਦੇ ਕੋਚ ਗੁਰਦੇਵ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ ਖੇਡ ਡਾਇਰੈਕਟਰ ਅਮਿਤ ਤਲਵਾੜ ਵੀ ਵਿਸ਼ੇਸ਼ ਤੌਰ ਉਤੇ ਪੁੱਜੇ ਹੋਏ ਸਨ।