ਫੇਸਬੁੱਕ ਉਤੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਸਖ਼ਤ, ਨੌਜਵਾਨ ਗ੍ਰਿਫ਼ਤਾਰ

By  Ravinder Singh November 24th 2022 06:37 PM

ਸੰਗਰੂਰ : ਪੰਜਾਬ ਸਰਕਾਰ ਨੇ ਹਥਿਆਰਾਂ ਦੇ ਵਿਖਾਵੇ ਨੂੰ ਲੈ ਕੇ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਸਰਕਾਰ ਵੱਲੋਂ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਵਿਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਕਾਰਨ ਹਥਿਆਰ ਲੈ ਕੇ ਨਹੀਂ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਿਤ ਕਰ ਸਕਦਾ ਹੈ। ਇਸ ਦੇ ਬਾਵਜੂਦ ਹਥਿਆਰਾਂ ਦੇ ਸ਼ੌਕੀਨ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਸੰਗਰੂਰ ਪੁਲਿਸ ਨੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਦੋਸ਼ 'ਚ ਇੱਕ ਹੀ ਦਿਨ 'ਚ 6 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਲੌਂਗਵਾਲ ਪੁਲਿਸ ਨੇ ਫੇਸਬੁੱਕ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।



ਜਾਣਕਾਰੀ ਅਨੁਸਾਰ ਲੌਂਗੋਵਾਲ ਵਿੱਚ ਮਨੀਸ਼ ਗੋਇਲ ਨਾਮ ਦੇ ਨੌਜਵਾਨ ਵੱਲੋਂ ਹਥਿਆਰਾਂ ਸਮੇਤ ਇੱਕ ਪੋਸਟ ਪਾਈ ਗਈ ਸੀ, ਜਿਸ ਦੇ ਚੱਲਦਿਆਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਦੋ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਐਸਐਚਓ ਬਲਵੰਤ ਸਿੰਘ ਨੇ ਦੱਸਿਆ ਕਿ  ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਸਲਾ ਮਾਲਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਹਥਿਆਰ ਮਾਲਕ ਦੇ ਵਿਵਹਾਰ, ਚਾਲ-ਚਲਣ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਕਰੇਗੀ। ਜ਼ਿਲ੍ਹੇ ਵਿੱਚ 119 ਵਿਅਕਤੀਆਂ ਦੇ ਲਾਇਸੰਸ ਰੱਦ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ 55 ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਮਸ਼ਹੂਰ ਸੁਨਿਆਰੇ ਦੇ ਕੰਪਲੈਕਸ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਦਸਤਾਵੇਜ਼ ਜ਼ਬਤ

ਡੀਸੀ ਜਤਿੰਦਰਾ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਭਰ 'ਚ ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ 'ਚ ਸਬੰਧਤ ਖੇਤਰ ਦੇ ਐਸਡੀਐਮ, ਡੀਐਸਪੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਐਸਐਚਓ ਨੂੰ ਸ਼ਾਮਲ ਕੀਤਾ ਗਿਆ ਹੈ। ਐਸਐਚਓ ਨੂੰ ਕਨਵੀਨਰ ਬਣਾਇਆ ਗਿਆ ਹੈ। ਜ਼ਿਲ੍ਹੇ 'ਚ 96 ਵਿਅਕਤੀ ਅਜਿਹੇ ਹਨ ਜਿਨ੍ਹਾਂ ਕੋਲ 2 ਤੋਂ ਵੱਧ ਹਥਿਆਰ ਹਨ। ਹਰ ਹਥਿਆਰ ਮਾਲਕ ਦੀ ਸੂਚੀ ਤਿਆਰ ਕੀਤੀ ਗਈ ਹੈ। ਅਸਲਾ ਮਾਲਕਾਂ ਖ਼ਿਲਾਫ਼ ਅਪਰਾਧਿਕ ਤੇ ਸ਼ਰਾਬ ਤਸਕਰੀ ਆਦਿ ਦੇ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਅਜਿਹੇ ਵਿਅਕਤੀ ਨੂੰ ਨੋਟਿਸ ਭੇਜਿਆ ਜਾਵੇਗਾ। ਇੱਕ ਹਫ਼ਤੇ ਵਿੱਚ ਜਾਂਚ ਪੂਰੀ ਕਰ ਲਈ ਜਾਵੇਗੀ। ਇਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

Related Post