ਮਾਂ ਨੇ ਆਪਣੀ ਹੀ ਤਿੰਨ ਦਿਨ ਦੀ ਬੱਚੀ ਨੂੰ ਜ਼ਿੰਦਾ ਦਫਨਾਇਆ, ਪੀਜੀਆਈ 'ਚ ਇਲਾਜ ਦੌਰਾਨ ਮੌਤ

By  Ravinder Singh February 7th 2023 12:27 PM

ਚੰਡੀਗੜ੍ਹ : ਚੰਡੀਗੜ੍ਹ ਨੇੜੇ ਨਵਾਂਗਰਾਓ 'ਚ ਮਾਂ ਨੇ ਆਪਣੀ ਹੀ ਤਿੰਨ ਦਿਨਾਂ ਦੀ ਨਵਜੰਮੀ ਬੱਚੀ ਨੂੰ ਜ਼ਮੀਨ 'ਚ ਟੋਆ ਪੁੱਟ ਕੇ ਦੱਬ ਦਿੱਤਾ। ਜਦੋਂ ਪਿਤਾ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਬੱਚੀ ਨੂੰ ਜ਼ਮੀਨ ਤੋਂ ਬਾਹਰ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ। ਸੋਮਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਲਜ਼ਮ ਔਰਤ ਦੀ ਪਛਾਣ ਅਨੀਤਾ ਰਾਣੀ ਵਾਸੀ ਪਿੰਡ ਕਰੌਰਾਂ ਵਜੋਂ ਹੋਈ ਹੈ। ਮੁਲਜ਼ਮ ਔਰਤ ਦੀ ਘਰ 'ਚ ਡਿਲੀਵਰੀ ਹੋਈ ਸੀ ਅਤੇ ਉਹ ਡਿਪ੍ਰੈਸ਼ਨ ਦੀ ਸ਼ਿਕਾਰ ਦੱਸੀ ਜਾਂਦੀ ਹੈ।



ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਅਨੀਤਾ ਰਾਣੀ ਨੇ ਸ਼ੁੱਕਰਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਔਰਤ ਨੇ ਆਪਣੀ ਹੀ ਧੀ ਨੂੰ ਜ਼ਿੰਦਾ ਦਫ਼ਨਾ ਦਿੱਤਾ। ਜਦੋਂ ਉਸ ਦਾ ਪਤੀ ਰਾਜਕੁਮਾਰ ਕੰਮ ਤੋਂ ਘਰ ਆਇਆ ਤਾਂ ਉਸ ਨੂੰ ਉਨ੍ਹਾਂ ਦੀ ਨਵਜੰਮੀ ਬੱਚੀ ਘਰ ਨਹੀਂ ਮਿਲੀ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਔਰਤ ਨੇ ਹੀ ਬੱਚੀ ਨੂੰ ਟੋਏ 'ਚੋਂ ਜ਼ਿੰਦਾ ਬਾਹਰ ਕੱਢਿਆ। ਪੁਲਿਸ ਨੇ ਤੁਰੰਤ ਨਵਜੰਮੇ ਬੱਚੀ ਨੂੰ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਸੈਕਟਰ-16 ਦੇ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਰਾਜਾਸਾਂਸੀ ਹਵਾਈ ਅੱਡੇ ਤੋਂ ਉੱਡੇ ਜਹਾਜ਼ ਦਾ ਇੰਜਣ ਹੋਇਆ ਫੇਲ੍ਹ, ਐਮਰਜੈਂਸੀ ਕਰਵਾਈ ਲੈਂਡਿੰਗ

ਪੀਜੀਆਈ ਵਿਚ ਇਲਾਜ ਦੌਰਾਨ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਦੱਸੀ ਜਾ ਰਹੀ ਹੈ। ਔਰਤ ਦਾ 2014 ਵਿਚ ਇਕ ਨਿੱਜੀ ਹਸਪਤਾਲ ਵਿਚ ਮਾਨਸਿਕ ਰੋਗ ਦਾ ਇਲਾਜ ਸ਼ੁਰੂ ਕੀਤਾ ਗਿਆ ਸੀ। ਬਾਅਦ 'ਚ ਉਸ ਨੇ ਇਹ ਇਲਾਜ ਅੱਧ ਵਿਚਾਲੇ ਛੱਡ ਦਿੱਤਾ। ਇਸ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਡਿਪ੍ਰੈਸ਼ਨ 'ਚ ਰਹਿੰਦੀ ਸੀ।

Related Post