ਬਦਮਾਸ਼ਾਂ ਨੇ ਦੁਕਾਨ 'ਤੇ ਕੀਤੀ ਸ਼ਰੇਆਮ ਭੰਨਤੋੜ, ਕੁਝ ਨੇ ਭੱਜ ਕੇ ਬਚਾਈ ਜਾਨ

By  Ravinder Singh February 13th 2023 12:14 PM

ਲੁਧਿਆਣਾ : ਲੁਧਿਆਣਾ ਜ਼ਿਲ੍ਹੇ 'ਚ ਇਕ ਕਰਿਆਨੇ ਦੀ ਦੁਕਾਨ ਉਪਰ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਗੁਰੂ ਰਾਮਦਾਸ ਨਗਰ ਸਥਿਤ ਮੱਕੜ ਕਲੋਨੀ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੇ ਰਮਾ ਤਿਵਾੜੀ ਦੀ ਸ਼ੁਭਮ ਕਿਰਨਾ ਸਟੋਰ ਨਾਮ ਦੀ ਦੁਕਾਨ ਹੈ। ਦੀਪਕ ਤੇ ਸ਼ੁਭਮ ਤਿਵਾੜੀ ਦੁਕਾਨ 'ਤੇ ਬੈਠੇ ਸਨ। ਇਸ ਦੌਰਾਨ ਕਰੀਬ 10 ਤੋਂ 12 ਹਥਿਆਰਬੰਦ ਬਦਮਾਸ਼ ਦੁਕਾਨ 'ਚ ਦਾਖਲ ਹੋ ਗਏ।



ਬਦਮਾਸ਼ਾਂ ਨੇ ਬੇਖੌਫ ਦੁਕਾਨ ਦੀ ਭੰਨਤੋੜ ਕੀਤੀ। ਦੁਕਾਨਦਾਰ ਸ਼ੁਭਮ ਤੇ ਉਸ ਦੇ ਦੋਸਤ ਦੀਪਕ ਨੇ ਗੁਆਂਢੀ ਦੀ ਛੱਤ ਉਪਰ ਭੱਜ ਕੇ ਆਪਣੀ ਜਾਨ ਬਚਾਈ। ਬਦਮਾਸ਼ਾਂ ਨੇ ਉਨ੍ਹਾਂ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਲੁੱਟ-ਖੋਹ ਕਰਕੇ ਫਰਾਰ ਹੋ ਗਏ। ਰਸਤੇ 'ਚ ਮੁੰਨਾ ਗਿਰੀ ਨਾਂ ਦੇ ਨੌਜਵਾਨ ਨੇ ਫਰਾਰ ਹੋਏ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।


ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਮੁੰਨਾ ਗਿਰੀ ਦੇ ਹੱਥ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਮੁੰਨਾ ਗਿਰੀ ਦੇ ਹੱਥ 'ਤੇ ਸੱਟ ਲੱਗੀ ਹੈ। ਲਹੂ-ਲੁਹਾਨ ਹਾਲਤ 'ਚ ਮੁੰਨਾ ਨੇ ਦੁਕਾਨ ਦੇ ਮਾਲਕ ਨੂੰ ਸੂਚਨਾ ਦਿੱਤੀ। ਦੁਕਾਨ ਦਾ ਮਾਲਕ ਰਮਾ ਤਿਵਾੜੀ ਸ਼ਹਿਰ 'ਚ ਸ਼ੋਭਾ ਯਾਤਰਾ ਲਈ ਗਿਆ ਹੋਇਆ ਸੀ।

ਇਹ ਵੀ ਪੜ੍ਹੋ  : BIGG BOSS 16 WINNER Grand Finale : ਐਮਸੀ ਸਟੇਨ ਦੇ ਸਿਰ ਸਜਿਆ ਬਿੱਗ ਬੌਸ 16 ਦਾ ਤਾਜ

ਰਮਾ ਤਿਵਾੜੀ ਨੇ ਮੌਕੇ ਉਪਰ ਪੁੱਜ ਕੇ ਪੁਲਿਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਮੁੰਨਾ ਗਿਰੀ ਨੂੰ ਇਲਾਜ ਲਈ ਡਾਕਟਰ ਕੋਲ ਦਾਖ਼ਲ ਕਰਵਾਇਆ ਗਿਆ। ਰਮਾ ਤਿਵਾੜੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੇ ਬੇਟੇ ਅਤੇ ਉਸ ਦੇ ਦੋਸਤ ਨੂੰ ਡੰਡਿਆਂ ਨਾਲ ਕੁੱਟਿਆ। ਸ਼ਰਾਰਤੀ ਅਨਸਰਾਂ ਨੇ ਗਲੀ ਵਿੱਚੋਂ ਕਰੀਬ 30 ਤੋਂ 35 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Related Post