ਹੱਤਿਆ ਦੇ ਦੋਸ਼ਾਂ 'ਚ ਘਿਰੇ ਭਾਜਪਾ ਨੇਤਾ ਦਾ ਹੋਟਲ ਡਾਇਨਾਮਾਈਟ ਲਗਾ ਕੁਝ ਸਕਿੰਟਾਂ 'ਚ ਕੀਤਾ ਢੇਰੀ

By  Ravinder Singh January 4th 2023 10:17 AM

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਸਾਗਰ 'ਚ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਹੱਤਿਆ ਦੇ ਦੋਸ਼ਾਂ ਵਿਚ ਘਿਰੇ ਭਾਜਪਾ ਨੇਤਾ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਡਾਇਨਾਮਾਈਟ ਦੀ ਵਰਤੋਂ ਕਰਕੇ ਗੈਰ-ਕਾਨੂੰਨੀ ਤੌਰ 'ਤੇ ਬਣਾਏ ਚਾਰ ਮੰਜ਼ਿਲਾ ਹੋਟਲ ਨੂੰ ਕੁਝ ਹੀ ਸਕਿੰਟਾਂ ਵਿੱਚ ਢਾਹ ਦਿੱਤਾ। ਮੁਲਜ਼ਮ ਮਿਸ਼ਰੀਚੰਦ ਗੁਪਤਾ ਉਪਰ ਚੋਣ ਰੰਜਿਸ਼ 'ਚ ਇਕ ਨੌਜਵਾਨ ਨੂੰ ਕਾਰ ਥੱਲੇ ਦੇ ਕੇ ਕੁਚਲ ਕੇ ਕਤਲ ਕਰਨ ਇਲਜ਼ਾਮ ਹਨ।



ਮੁਲਜ਼ਮ ਨੇਤਾ ਦੇ ਚਾਰ ਮੰਜ਼ਿਲਾ ਹੋਟਲ 'ਚ 60 ਡਾਇਨਾਮਾਈਟਸ ਲਗਾਏ ਗਏ ਸਨ। ਫਿਰ ਕੁਝ ਹੀ ਸਕਿੰਟਾਂ 'ਚ ਇਕ ਧਮਾਕੇ ਨਾਲ ਇਹ ਇਮਾਰਤ ਢੇਰੀ ਕਰ ਦਿੱਤੀ ਗਈ। ਕਾਰਵਾਈ ਦੌਰਾਨ ਸਾਗਰ ਦੇ ਜ਼ਿਲ੍ਹਾ ਕੁਲੈਕਟਰ ਦੀਪਕ ਆਰੀਆ, ਡੀਆਈਜੀ ਤਰੁਣ ਨਾਇਕ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

ਮੁਲਜ਼ਮ ਮਿਸ਼ਰੀਚੰਦ ਗੁਪਤਾ ਤੇ ਉਸ ਦੇ ਪਰਿਵਾਰ ਦਾ ਹੋਟਲ ਜੈਰਾਮ ਪੈਲੇਸ ਮਕਰੌਨੀਆ ਚੌਰਾਹੇ ਨੇੜੇ ਸਥਿਤ ਹੈ। ਚਾਰ ਮੰਜ਼ਿਲਾ ਹੋਟਲ ਦੀ ਉਸਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀ ਟੀਮ ਹੋਟਲ ਨੂੰ ਢਾਹੁਣ ਲਈ ਕਾਰਵਾਈ ਕਰਨ ਪਹੁੰਚੀ। ਸੁਰੱਖਿਆ ਲਈ ਬੈਰੀਕੇਡ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ। ਹੋਟਲ ਦੇ ਆਸਪਾਸ ਰਹਿਣ ਵਾਲੇ ਲੋਕਾਂ ਦੇ ਘਰ ਖਾਲੀ ਕਰਵਾ ਲਏ ਗਏ। ਇਸ ਦੌਰਾਨ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ।


ਕਾਬਿਲੇਗੌਰ ਹੈ ਕਿ 2 ਦਸੰਬਰ ਦੀ ਰਾਤ ਨੂੰ ਜਗਦੀਸ਼ ਯਾਦਵ ਉਰਫ ਜੱਗੂ ਨੂੰ ਮਕਰੋਨੀਆ ਚੌਕ 'ਤੇ ਜੀਪ ਨੇ ਕੁਚਲ ਕੇ ਮਾਰ ਦਿੱਤਾ ਸੀ। ਜਗਦੀਸ਼ (30) ਮਕਰੋਨੀਆ ਥਾਣਾ ਖੇਤਰ ਦੇ ਅਧੀਨ ਕੋਰੇਗਾਂਵ ਦਾ ਰਹਿਣ ਵਾਲਾ ਸੀ। ਉਹ ਮਕੜੋਨੀਆ ਚੌਰਾਹੇ 'ਤੇ ਪਵਨ ਯਾਦਵ ਦੀ ਡੇਅਰੀ ਉਪਰ ਕੰਮ ਕਰਦਾ ਸੀ। ਉਹ ਆਜ਼ਾਦ ਕੌਂਸਲਰ ਕਿਰਨ ਯਾਦਵ ਦਾ ਭਤੀਜਾ ਸੀ। ਕੌਂਸਲਰ ਦੀ ਚੋਣ ਵਿੱਚ ਕਿਰਨ ਯਾਦਵ ਨੇ ਮਿਸਰੀਚੰਦ ਗੁਪਤਾ ਦੀ ਪਤਨੀ ਮੀਨਾ ਨੂੰ 83 ਵੋਟਾਂ ਨਾਲ ਹਰਾਇਆ।


ਇਲਜ਼ਾਮ ਹੈ ਕਿ ਚੋਣ ਰੰਜਿਸ਼ ਵਿੱਚ ਉਸਦਾ ਕਤਲ ਕੀਤਾ ਗਿਆ ਹੈ। ਕਤਲ ਕੇਸ 'ਚ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਮਿਸਰੀਚੰਦ ਗੁਪਤਾ ਅਜੇ ਫ਼ਰਾਰ ਹੈ।


Related Post