ਪੰਜਾਬ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਲਈ ਰਵਾਨਾ, CM ਮਾਨ ਨੇ ਵਿਖਾਈ ਝੰਡੀ
ਚੰਡੀਗੜ੍ਹ : ਪੰਜਾਬ ਤੋਂ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸ਼ਨਿੱਚਰਵਾਰ ਨੂੰ ਸਿੰਗਾਪੁਰ ਲਈ ਰਵਾਨਾ ਹੋਇਆ। ਚੰਡੀਗੜ੍ਹ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਸੂਬੇ ਦੇ ਅਧਿਆਪਕ ਦਿੱਲੀ ਦੀ ਤਰਜ਼ 'ਤੇ ਫਿਨਲੈਂਡ ਵੀ ਜਾਣਗੇ। ਪ੍ਰਿੰਸੀਪਲਾਂ ਦਾ ਇਕ ਬੈਚ 6 ਤੋਂ 10 ਫਰਵਰੀ ਤੱਕ ਅਧਿਆਪਨ ਦੀਆਂ ਆਧੁਨਿਕ ਤਕਨੀਕਾਂ ਸਿੱਖੇਗਾ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਸੂਬੇ 'ਚ ਸਿੱਖਿਆ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕੀਤੀ ਜਾਵੇਗੀ। ਅਧਿਆਪਕ ਰਾਸ਼ਟਰ ਨਿਰਮਾਤਾ ਹਨ ਜੋ ਸਿੱਖਿਆ ਦਾ ਪੱਧਰ ਉੱਚਾ ਚੁੱਕ ਸਕਦੇ ਹਨ ਜਿਸ ਕਰਕੇ ਇਹ ਗਾਰੰਟੀ ਦਿੱਤੀ ਗਈ ਸੀ ਕਿ ਅਧਿਆਪਕਾਂ ਨੂੰ ਵਿਦੇਸ਼ਾਂ 'ਚ ਉਚ ਪੱਧਰ ਦੀ ਸਿਖਲਾਈ ਦੇ ਕੇ ਉਨ੍ਹਾਂ ਦੇ ਅਧਿਆਪਨ ਹੁਨਰ ਨੂੰ ਹੋਰ ਨਿਖਾਰਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸੇ ਗਾਰੰਟੀ ਦੇ ਆਧਾਰ ਉਤੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿਖਲਾਈ ਲਈ 4 ਫਰਵਰੀ ਨੂੰ ਸਿੰਗਾਪੁਰ ਰਵਾਨਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਬੈਚ ਸੈਮੀਨਾਰ 'ਚ ਹਿੱਸਾ ਲੈਣ ਤੋਂ ਬਾਅਦ 11 ਫਰਵਰੀ ਨੂੰ ਵਾਪਸ ਪਰਤੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਇਨਕਲਾਬੀ ਕਦਮ ਨਾਲ ਸੂਬੇ ਦੇ ਲੱਖਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਕਿਉਂ ਜੋ ਸਿੰਗਾਪੁਰ ਤੋਂ ਹੋਰ ਮੁਹਾਰਤ ਹਾਸਲ ਕਰਨ ਨਾਲ ਸੂਬੇ 'ਚ ਸਿੱਖਿਆ ਦਾ ਮਿਆਰ ਹੋਰ ਸੁਧਰੇਗਾ।
ਇਹ ਵੀ ਪੜ੍ਹੋ : ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ
ਇਸ ਦੌਰਾਨ ਇਨ੍ਹਾਂ ਪ੍ਰਿੰਸੀਪਲਾਂ ਨੂੰ ਪੜ੍ਹਾਉਣ ਦੇ ਅਤਿ-ਆਧੁਨਿਕ ਢੰਗ-ਤਰੀਕਿਆਂ, ਸਕੂਲ ਦੇ ਮਾਹੌਲ ਵਿੱਚ ਬਦਲਾਅ, ਲੀਡਰਸ਼ਿਪ ਦੇ ਹੁਨਰ, ਬਿਲਡਿੰਗ ਟੀਚਰਜ਼ ਪ੍ਰੋਫੈਸ਼ਨਲ ਕੈਪੀਟਲ, ਪਾਠਕ੍ਰਮ ਸਬੰਧੀ ਲੀਡਰਸ਼ਿਪ, ਮੈਂਟਰਿੰਗ, ਐਂਡ ਲੈਸਨ ਅਬਜਰਵੇਸ਼ਨ ਸਕਿੱਲਜ਼, ਅਧਿਆਪਨ-ਸਿਖਲਾਈ ਸਮੱਗਰੀ ਤਿਆਰ ਕਰਨ ਅਤੇ ਆਡੀਓ-ਵਿਜ਼ੂਅਲ ਟੈਕਨਾਲੋਜੀ ਬਾਰੇ ਜਾਣਨ ਦਾ ਮੌਕਾ ਮਿਲੇਗਾ ਤੇ ਇਹ ਸਿਖਲਾਈ ਮਹਾਮਾਰੀ ਮਗਰੋਂ ਦੀ ਦੁਨੀਆ ਵਿੱਚ ਸਿੱਖਿਆ, ਅਸੈਂਸ਼ੀਅਲਜ਼ ਆਫ਼ ਸਟ੍ਰੈਟੇਜਿਕ ਮੈਨੇਜਮੈਂਟ, ਅਧਿਆਪਨ ਅਤੇ ਸਿੱਖਣ ਵਿੱਚ ਨਵੀਨਤਾ ਅਤੇ ਪ੍ਰਭਾਵੀ ਸੰਚਾਰ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਹਾਇਕ ਹੋਵੇਗੀ।