ਆਤਮਦਾਹ ਕਰ ਚੁੱਕੇ ਗੁਰਮੁੱਖ ਧਾਲੀਵਾਲ ਦੇ ਪਰਿਵਾਰ ਨੇ ਪੁਲਿਸ ਖ਼ਿਲਾਫ਼ ਖੋਲ੍ਹਿਆ ਮੋਰਚਾ
ਪੁਲਿਸ ਦੀ ਕਥਿਤ ਧੱਕੇਸ਼ਾਹੀ ਤੋਂ ਪਰੇਸ਼ਾਨ ਇਕ ਸਖ਼ਸ਼ ਨੇ ਸਨੌਰੀ ਬੱਸ ਅੱਡੇ ਉਤੇ ਸਥਿਤੀ ਆਪਣੇ ਦਫ਼ਤਰ ਵਿਚ ਖ਼ੁਦਕੁਸ਼ੀ ਕਰ ਲਈ। ਇਸ ਮਗਰੋਂ ਪੀੜਤ ਪਰਿਵਾਰ ਨੇ ਪੁਲਿਸ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਤੇ ਇਨਸਾਫ਼ ਦੀ ਮੰਗ ਕੀਤੀ।

ਪਟਿਆਲਾ : ਅੱਜ ਸਵੇਰੇ ਪਟਿਆਲਾ ਦੇ ਸਨੌਰੀ ਅੱਡੇ ਉਤੇ ਸਥਿਤ ਦਫਤਰ ਵਿਚ ਖ਼ੁਦ ਨੂੰ ਅੱਗ ਲਾ ਕੇ ਗੁਰਮੁੱਖ ਸਿੰਘ ਨੇ ਆਤਮਦਾਹ ਕਰ ਲਿਆ ਸੀ। ਉਹ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਿਆ ਸੀ। ਆਤਮਦਾਹ ਕਰਨ ਤੋਂ ਪਹਿਲਾਂ ਉਸ ਨੇ ਪੁਲਿਸ ਉੱਪਰ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਸਨ। ਉਸ ਨੇ ਇਕ ਵੀਡੀਓ ਬਣਾ ਕੇ ਪੁਲਿਸ ਮੁਲਾਜ਼ਮ ਖ਼ਿਲਾਫ਼ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਸਨ। ਪੀੜਤ ਨੇ ਵੀਡੀਓ ਵਿੱਚ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਜੂਏ ਦੇ ਕੇਸਾਂ ਵਿੱਚ ਪੈਸਿਆਂ ਦੀ ਮੰਗ ਕੀਤੀ ਸੀ। ਪੀੜਤ ਨੇ ਦੋਸ਼ ਲਾਇਆ ਕਿ ਉਸ ਦੇ ਭਰਾਵਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ।
ਪੀੜਤ ਨੇ ਕਿਹਾ ਕਿ ਡੀਐਸਪੀ ਕੋਲ ਵਾਰ-ਵਾਰ ਸ਼ਿਕਾਇਤਾਂ ਕਰਨ ਉਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਉਸ ਕੋਲ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਉਹ ਆਪਣੇ ਪਰਿਵਾਰ ਦਾ ਹੋਰ ਅਪਮਾਨ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਸ ਨੇ ਆਪਣੇ ਇਸ ਕਦਮ ਲਈ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ : ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਯੂਜੀਸੀ 7ਵਾਂ ਤਨਖ਼ਾਹ ਕਮਿਸ਼ਨ ਲਾਗੂ
ਗੁਰਮੁੱਖ ਸਿੰਘ ਵੱਲੋਂ ਆਤਮਦਾਹ ਕਰਨ ਮਗਰੋਂ ਉਸ ਦੇ ਪਰਿਵਾਰ ਨੇ ਇਨਸਾਫ਼ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਧਰਨੇ ਵਿਚ ਭਾਜਪਾ ਆਗੂ ਬੀਬਾ ਜੈ ਇੰਦਰ ਕੌਰ ਵੀ ਪੁੱਜੇ।
ਬੀਬਾ ਜੈਇੰਦਰ ਕੌਰ ਤੇ ਪੀੜਤ ਪਰਿਵਾਰ ਨੇ ਪੁਲਿਸ ਦੇ ਉਚ ਅਧਿਕਾਰੀਆਂ ਕੋਲ ਇਨਸਾਫ਼ ਦੀ ਮੰਗ ਕੀਤੀ। ਪੁਲਿਸ ਦੇ ਉਚ ਅਧਿਕਾਰੀਆਂ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਦੇਰ ਸ਼ਾਮ ਪੀੜਤ ਪਰਿਵਾਰ ਨੇ ਧਰਨਾ ਚੁੱਕ ਲਿਆ।