ਵਿਭਾਗ ਦੀ ਲਾਪਰਵਾਹੀ ਕਾਰਨ ਪਿਛਲੇ 10 ਦਿਨਾਂ ਤੋਂ ਘਰ ਦੀ ਬਿਜਲੀ ਗੁੱਲ, ਅੱਤ ਦੀ ਗਰਮੀ 'ਚ ਤਪ ਰਿਹੈ ਬਿਮਾਰ ਬਜ਼ੁਰਗ ਜੋੜਾ

ਗੁਰਾਇਆ ਦੇ ਬੋਪਾਰਾਏ ਵਿੱਚ ਵਿਭਾਗ ਦੀ ਲਾਪਰਵਾਹੀ ਕਾਰਨ ਪਿਛਲੇ ਦਸ ਦਿਨਾਂ ਤੋਂ ਇੱਕ ਬਜ਼ੁਰਗ ਜੋੜਾ ਬਿਨਾਂ ਬਿਜਲੀ ਤੋਂ ਆਪਣੇ ਘਰ ਵਿੱਚ ਰਹਿ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ।

By  Dhalwinder Sandhu June 12th 2024 10:51 AM -- Updated: June 12th 2024 05:00 PM

ਜਲੰਧਰ: ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਕੀਤੀ ਹੋਈ ਹੈ ਅਤੇ ਹਰ ਇੱਕ ਵਰਗ ਨੂੰ ਇਸਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ, ਪਰ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

10 ਦਿਨਾਂ ਤੋਂ ਪਰੇਸ਼ਾਨ ਹੋ ਰਿਹਾ ਬਿਮਾਰ ਬਜ਼ੁਰਗ ਜੋੜਾ

ਗੁਰਾਇਆ ਦੇ ਬੋਪਾਰਾਏ ਵਿੱਚ ਵਿਭਾਗ ਦੀ ਲਾਪਰਵਾਹੀ ਕਾਰਨ ਪਿਛਲੇ ਦਸ ਦਿਨਾਂ ਤੋਂ ਇੱਕ ਬਜ਼ੁਰਗ ਜੋੜਾ ਬਿਨਾਂ ਬਿਜਲੀ ਤੋਂ ਆਪਣੇ ਘਰ ਵਿੱਚ ਰਹਿ ਰਿਹਾ ਹੈ। ਬਜ਼ੁਰਗ ਗੁਰਦਿਆਲ ਸਿੰਘ ਨੇ ਦੱਸਿਆ ਉਹ ਆਪਣੀ ਬਿਮਾਰ ਪਤਨੀ ਨਾਲ ਰਹਿੰਦਾ ਹੈ ਤੇ ਪਿਛਲੇ 10 ਦਿਨਾਂ ਤੋਂ ਉਹਨਾਂ ਦੇ ਘਰ ਦੀ ਲਾਈਟ ਖਰਾਬ ਹੋਈ ਪਈ ਹੈ। 


ਸ਼ਿਕਾਇਤ ਦੇਣ ਤੋਂ ਬਾਅਦ ਵੀ ਸਮੱਸਿਆ ਨਹੀਂ ਹੋਈ ਹੱਲ

ਬਜ਼ੁਰਗ ਨੇ ਦੱਸਿਆ ਕਿ ਉਹ ਇਸ ਸਬੰਧੀ ਸ਼ਿਕਾਇਤ ਗੁਰਾਇਆ ਦੇ ਬਿਜਲੀ ਦਫ਼ਤਰ ਵਿੱਚ ਲਿਖਵਾ ਚੁੱਕੇ ਹਨ, ਜਿਸ ਤੋਂ ਕੁਝ ਦਿਨਾਂ ਬਾਅਦ ਇੱਕ ਲਾਈਨਮੈਨ ਆਇਆ ਜਿਸ ਨੇ ਕਿਹਾ ਕਿ 3000 ਰੁਪਏ ਦੇ ਕਰੀਬ ਦਾ ਖਰਚਾ ਲਾਈਟ ਠੀਕ ਕਰਨ ਲਈ ਲੱਗੇਗਾ ਤੇ ਉਸ ਤੋਂ ਮਗਰੋਂ ਕੋਈ ਵੀ ਦੁਬਾਰਾ ਮੁੜ ਕੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਮੰਗਲਵਾਰ ਦੁਬਾਰਾ ਦਫ਼ਤਰ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਆਏ, ਜਿਸ ਤੋਂ ਬਾਅਦ ਲਾਈਨਮੈਨ ਨੇ ਆ ਕੇ ਕਿਹਾ ਕਿ ਚਾਰ ਤੋਂ ਪੰਜ ਹਜਾਰ ਰੁਪਏ ਦਾ ਖਰਚਾ ਤਾਰ ਬਦਲਣ ਤੇ ਆਵੇਗਾ।

ਬਜ਼ੁਰਗ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ ਤੇ ਉਹ ਇੰਨਾ ਖਰਚਾ ਨਹੀਂ ਭਰ ਸਕਦੇ। ਉਹਨਾਂ ਕਿਹਾ ਕਿ ਖਰਾਬ ਤਾਰ ਜੋ ਘਰ ਦੇ ਬਾਹਰ ਗਲੀ ਵਿੱਚ ਹੈ, ਉਸ ਨੂੰ ਬਦਲਣ ਦਾ ਖਰਚ ਵਿਭਾਗ ਆਪਣੇ ਪੱਧਰ 'ਤੇ ਕਰੇ ਕਿਉਂਕਿ ਉਹ ਖਰਚਾ ਦੇਣ ਵਿੱਚ ਅਸਮਰਥ ਹੈ ਅਤੇ ਪਿਛਲੇ ਦਸ ਦਿਨਾਂ ਤੋਂ ਵਿਭਾਗ ਦੀ ਲਾਪਰਵਾਹੀ ਕਾਰਨ ਇੰਨੀਂ ਗਰਮੀ ਵਿੱਚ ਬਿਨਾਂ ਲਾਈਟ ਤੋਂ ਰਹਿ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਅਤੇ ਜੋ ਵੀ ਅਧਿਕਾਰੀ ਲਾਪਰਵਾਹੀ ਕਰਦੇ ਹੋਏ ਜਨਤਾ ਨੂੰ ਤੰਗ ਪਰੇਸ਼ਾਨ ਕਰਦੇ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। 

ਲਾਈਨਮੈਨ ਦਾ ਬਿਆਨ

ਉਧਰ ਲਾਈਨਮੈਨ ਨੇ ਕਿਹਾ ਕਿ ਉਨ੍ਹਾਂ ਨੇ ਆ ਕੇ ਆਪਣੀ ਰਿਪੋਰਟ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਜੋ ਵੀ ਅਧਿਕਾਰੀ ਆਦੇਸ਼ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ।

Related Post