ਸਿੱਖਿਆ ਵਿਭਾਗ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਦੇਣ ਤੋਂ ਕਰ ਰਿਹੈ ਗੁਰੇਜ਼
ਬਠਿੰਡਾ : ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਚਨਾ ਅਧਿਕਾਰ ਕਾਨੂੰਨ ਨੂੰ ਛਿੱਕੇ ਟੰਗਦੇ ਹੋਏ ਸੂਚਨਾ ਮੰਗਣ ਵਾਲੇ ਬਠਿੰਡਾ 'ਤੇ ਟੈਟ ਪਾਸ ਅਧਿਆਪਕ ਨੂੰ ਕਈ ਮਹੀਨਿਆਂ ਤੋਂ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ। ਇਥੇ ਹੀ ਬੱਸ ਨਹੀਂ ਸਿੱਖਿਆ ਵਿਭਾਗ ਨੇ ਰਾਜ ਸੂਚਨਾ ਕਮਿਸ਼ਨ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹੋਏ ਅਧਿਆਪਕ ਨੂੰ ਸਮੇਂ ਸਿਰ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ,ਜਿਸ ਤਹਿਤ ਪੀੜਤ ਨੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਤੋਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਅਧਿਆਪਕ ਵੱਲੋਂ ਪੰਜਾਬ ਭਰ 'ਚ ਪੰਜਾਬੀ, ਹਿੰਦੀ ਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ ਕੁੱਲ ਅਸਾਮੀਆਂ ਬਾਰੇ ਜਾਣਕਾਰੀ ਮੰਗੀ ਗਈ ਸੀ। ਅਧਿਆਪਕ ਨੇ ਪੰਜਾਬੀ, ਹਿੰਦੀ ਤੇ ਸਮਾਜਿਕ ਸਿੱਖਿਆ ਵਿਸ਼ੇ ਉਤੇ ਅਧਿਆਪਕ ਦੀ ਭਰਤੀ ਸਬੰਧੀ ਮਾੜਾ ਹਾਲ ਹੋਣ ਦੇ ਖੁਲਾਸੇ ਕੀਤੇ ਸਨ।
ਬਠਿੰਡਾ ਦੇ ਪਿੰਡ ਬੁਲਾਡੇਵਾਲਾ ਦੇ ਬੇਰੁਜ਼ਗਾਰ ਬੀਐਡ ਟੈਟਪਾਸ ਅਧਿਆਪਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਤੋਂ ਪੰਜਾਬ ਭਰ 'ਚ ਪੰਜਾਬੀ, ਹਿੰਦੀ ਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ ਕੁੱਲ ਅਸਾਮੀਆਂ ਬਾਰੇ ਜਾਣਕਾਰੀ ਮੰਗੀ ਸੀ, ਜਿਸ 'ਚ ਮਨਜ਼ੂਰ, ਭਰੀਆਂ ਤੇ ਖਾਲੀ ਅਸਾਮੀਆਂ ਸਬੰਧੀ ਜਾਣਕਾਰੀ ਮੰਗੀ ਸੀ। ਵਿਭਾਗ ਨੇ ਕੋਈ ਤਸੱਲੀਬਖ਼ਸ ਜਵਾਬ ਤੇ ਡਾਟਾ ਨਹੀਂ ਦਿੱਤਾ। ਇਸ ਮਾਮਲੇ ਦੀ ਸ਼ਿਕਾਇਤ ਰਾਜ ਸੂਚਨਾ ਕਮਿਸ਼ਨ ਕੋਲ ਕੀਤੀ, ਜਿਨ੍ਹਾਂ ਦੇ ਹੁਕਮਾਂ ਮਗਰੋਂ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।
ਇਹ ਵੀ ਪੜ੍ਹੋ: ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ
ਉਨ੍ਹਾਂ ਨੇ ਕਿਹਾ ਕਿ ਵਿਭਾਗ ਡਰ ਕਾਰਨ ਜਾਣਕਾਰੀ ਨਸ਼ਰ ਨਹੀਂ ਕਰ ਰਿਹਾ ਕਿਉਂਕਿ ਕਾਂਗਰਸ ਸਰਕਾਰ ਸਮੇਂ ਵੀ ਪੰਜਾਬੀ, ਹਿੰਦੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਨੂੰ ਅੱਖੋਂ-ਪਰੋਖੇ ਕਰਕੇ ਘੱਟ ਪੋਸਟਾਂ ਕੱਢੀਆਂ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਸਕੂਲ 'ਚ ਪੋਸਟਾਂ ਖ਼ਾਲੀ ਪਾਈਆਂ ਹਨ ਤੇ ਪਿਛਲੇ ਸਾਲ ਦੇ ਨਤੀਜੇ ਵਿੱਚ 4500 ਤੋਂ 5000 ਬੱਚਾ ਇਨ੍ਹਾਂ ਵਿਸ਼ਿਆਂ ਵਿੱਚ ਫੇਲ੍ਹ ਹੋ ਗਿਆ ਸੀ। ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਤੋਂ ਸਬੰਧਤ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਉਨ੍ਹਾਂ ਨੂੰ ਲੋੜੀਦੀ ਜਾਣਕਾਰੀ ਦੇਣ ਦੀ ਮੰਗ ਕੀਤੀ ਹੈ।