26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਪਹੁੰਚਿਆ ਭਾਰਤ, ਦੁਬਾਈ ’ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਆਦਮਪੁਰ ਨੇੜਲੇ ਪਿੰਡ ਡਰੌਲੀ ਕਲਾਂ ਦੇ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਦੁਬਈ ਤੋਂ ਭਾਰਤ ਪਹੁੰਚੀ ਹੈ। ਗੁਰਦੀਪ ਸਿੰਘ ਦੀ 2 ਮਹੀਨੇ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

By  Dhalwinder Sandhu June 21st 2024 05:22 PM

ਅੰਮ੍ਰਿਤਸਰ: ਜਲੰਧਰ ਜ਼ਿਲ੍ਹੇ ਦੇ ਸ਼ਹਿਰ ਆਦਮਪੁਰ ਨੇੜਲੇ ਪਿੰਡ ਡਰੌਲੀ ਕਲਾਂ ਦੇ 26 ਸਾਲਾ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਦੁਬਈ ਤੋਂ ਭਾਰਤ ਪਹੁੰਚੀ ਹੈ। ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਹੋਇਆ ਹੈ।

ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਓਬਰਾਏ ਨੇ ਦੱਸਿਆ ਕਿ ਗੁਰਦੀਪ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਚੰਗੇ ਭਵਿੱਖ ਲਈ ਕਰੀਬ ਤਿੰਨ ਸਾਲ ਪਹਿਲਾਂ ਦੁਬਈ ਆਇਆ ਸੀ। ਬੀਤੀ 25 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਇਸ ਮੰਦਭਾਗੀ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰ ਨੇ ਦੋ ਮਹੀਨੇ ਦੀ ਖੱਜਲਖੁਆਰੀ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਕੇ ਗੁਰਦੀਪ ਸਿੰਘ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਕਿਹਾ ਸੀ। ਜਿਸ ਤੋਂ ਬਾਅਦ ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਗੁਰਦੀਪ ਸਿੰਘ ਦਾ ਮ੍ਰਿਤਕ ਸਰੀਰ ਨੂੰ ਭਾਰਤ ਭੇਜਿਆ।

2 ਮਹੀਨੇ ਬਾਅਦ ਲਾਸ਼ ਪਹੁੰਚੀ ਭਾਰਤ

ਗੁਰਦੀਪ ਸਿੰਘ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਰਿਸ਼ਤੇਦਾਰਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਗੁਰਦੀਪ ਆਪਣੇ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਕਰੀਬ ਤਿੰਨ ਸਾਲ ਪਹਿਲਾਂ ਰੁਜ਼ਗਾਰ ਲਈ ਦੁਬਈ ਗਿਆ ਸੀ ਕਿ ਅਚਾਨਕ ਬੀਤੀ 25 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ ਸੀ, ਪਰ ਮ੍ਰਿਤਕ ਦੀ ਲਾਸ਼ ਵਾਪਸ ਭਾਰਤ ਮੰਗਵਾਉਣ ਵਾਸਤੇ ਪਰਿਵਾਰ ਦੋ ਮਹੀਨੇ ਤੱਕ ਖੱਜਲ਼ ਖੁਆਰ ਹੁੰਦਾ ਰਿਹਾ। ਇਸ ਉਪਰੰਤ ਪਰਿਵਾਰ ਨੇ ਡਾ. ਐਸ. ਪੀ. ਸਿੰਘ ਓਬਰਾਏ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਇਹ ਸੰਭਵ ਬਣਾਇਆ। ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਡਾ. ਓਬਰਾਏ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਪਰਿਵਾਰ ਨੂੰ ਗੁਰਦੀਪ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਨਿਹੰਗਾਂ ਤੇ ਪੁਲਿਸ ਵਿਚਾਲੇ ਝੜਪ, ਪੁਲਿਸ ਮੁਲਾਜ਼ਮ ’ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼

Related Post