ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਖੋਲ੍ਹਿਆ ਮੋਰਚਾ: ਹਾਊਸ ਦੀ ਮੀਟਿੰਗ ਸਮੇਂ ਸਿਰ ਨਾ ਬੁਲਾਉਣ ਦੀ ਪ੍ਰਿੰਸੀਪਲ ਸਕੱਤਰ ਨੂੰ ਕੀਤੀ ਸ਼ਿਕਾਇਤ
ਮੁਹਾਲੀ : ਮੁਹਾਲੀ ਨਗਰ ਨਿਗਮ ਦੇ ਕੌਂਸਲਰਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਮੇਅਰ ਅਮਰਜੀਤ ਸਿੰਘ ਸਿੱਧੂ ਖ਼ਿਲਾਫ਼ ਮਿਉਂਸਪਲ ਐਕਟ ਦੀ ਵਾਰ-ਵਾਰ ਉਲੰਘਣਾ ਕਰਨ ਉਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਤੇ ਕੌਂਸਲਰ ਅਰੁਣਾ ਸ਼ਰਮਾ ਨੇ ਪ੍ਰਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ। ਕੌਂਸਲਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮੇਅਰ ਅਮਰਜੀਤ ਸਿੰਘ ਸਿੱਧੂ ਐਮਸੀ ਐਕਟ ਅਨੁਸਾਰ ਵਾਰ-ਵਾਰ ਹਾਊਸ ਦੀ ਮੀਟਿੰਗ ਸਮੇਂ ਸਿਰ ਨਾ ਬੁਲਾ ਕੇ ਐਕਟ ਦੀ ਉਲੰਘਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੇਅਰ ਨੇ 27 ਜੁਲਾਈ, 2022 ਤੋਂ ਬਾਅਦ ਸਦਨ ਦੀ ਮੀਟਿੰਗ ਨਹੀਂ ਬੁਲਾਈ, ਜਦੋਂ ਕਿ ਪੰਜਾਬ ਐਮਸੀ ਐਕਟ, 1976 ਦੇ ਚੈਪਟਰ-5, ਸੈਕਸ਼ਨ 55 ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਨਿਗਮ ਇਕ ਮਹੀਨੇ ਵਿਚ ਘੱਟੋ-ਘੱਟ ਇਕ ਮੀਟਿੰਗ ਜ਼ਰੂਰ ਕਰੇਗਾ ਪਰ ਮੇਅਰ ਵੱਲੋਂ ਵਾਰ-ਵਾਰ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੇਅਰ ਨੇ 18 ਅਪ੍ਰੈਲ 2022 ਤੋਂ ਬਾਅਦ 29 ਜੁਲਾਈ 2022 ਨੂੰ ਮੀਟਿੰਗ ਕੀਤੀ ਸੀ। ਕੌਂਸਲਰਾਂ ਨੇ ਦੱਸਿਆ ਕਿ ਮੇਅਰ ਡੇਢ ਸਾਲ 'ਚ 5 ਵਾਰ ਐਕਟ ਦੀ ਉਲੰਘਣਾ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਵਿੱਤ ਵਿਭਾਗ ਦਾ ਵਿਭਾਗਾਂ ਨੂੰ ਫ਼ਰਮਾਨ: ਆਮਦਨ ਦਾ ਟੀਚਾ ਪੂਰਾ ਨਾ ਹੋਇਆ ਅਧਿਕਾਰੀਆਂ 'ਤੇ ਗਿਰੇਗੀ ਗਾਜ
ਕੌਂਸਲਰਾਂ ਨੇ ਪ੍ਰਮੁੱਖ ਸਕੱਤਰ ਨੂੰ ਕਿਹਾ ਕਿ ਮੇਅਰ ਐਕਟ ਅਨੁਸਾਰ ਕੰਮ ਕਰਨ ਦੀ ਬਜਾਏ ਮਨਮਾਨੀ ਕਰ ਰਹੇ ਹਨ, ਜਿਸ ਨਾਲ ਸ਼ਹਿਰ ਦੇ ਵਿਕਾਸ ਉਤੇ ਮਾੜਾ ਅਸਰ ਪੈ ਰਿਹਾ ਹੈ। ਕੌਂਸਲਰਾਂ ਨੇ ਪ੍ਰਮੁੱਖ ਸਕੱਤਰ ਨੂੰ ਮੇਅਰ ਖ਼ਿਲਾਫ਼ ਐਕਟ ਦੀ ਉਲੰਘਣਾ ਕਰਦਿਆਂ ਕਰੀਬ ਡੇਢ ਕਰੋੜ ਰੁਪਏ ਦਾ ਕੰਮ ਆਪਣੀ ਹੀ ਸੁਸਾਇਟੀ ਨੂੰ ਠੇਕੇ ਉਤੇ ਦੇਣ ਲਈ ਕਿਹਾ। ਇਸ ਉਤੇ ਪ੍ਰਮੁੱਖ ਸਕੱਤਰ ਨੇ ਜਲਦੀ ਸੁਣਵਾਈ ਲਈ ਨੋਟਿਸ ਜਾਰੀ ਕਰਨ ਦੀ ਗੱਲ ਕਹੀ। ਕੌਂਸਲਰਾਂ ਨੇ ਐਫਐਂਡਸੀਸੀ ਮੀਟਿੰਗਾਂ ਸਬੰਧੀ ਮੇਅਰ ਵੱਲੋਂ ਐਕਟ ਦੀ ਉਲੰਘਣਾ ਦਾ ਵੀ ਦੋਸ਼ ਲਾਇਆ ਹੈ।