ਮੁੱਖ ਮੰਤਰੀ ਵਲੋਂ ਮਾਮਲੇ ’ਚ ਕਾਰਵਾਈ ਨਾ ਕਰਨਾ ਨਿੰਦਣਯੋਗ : ਡਾ. ਦਲਜੀਤ ਸਿੰਘ ਚੀਮਾ

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਖੇਤੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਪੇਪਰ ਲੀਕ ਕਰਨ ਲਈ 32 ਲੱਖ ਰੁਪਏ ਦੀ ਰਿਸ਼ਵਤ ਲਈ ਹੈ।

By  Amritpal Singh July 10th 2024 06:40 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਵਿਚ ਖੇਤੀ ਵਿਕਾਸ ਅਧਿਕਾਰੀਆਂ (ਏ. ਡੀ. ਓਜ਼) ਦੀ ਚੋਣ ਲਈ ਪ੍ਰਸ਼ਨ ਪੱਤਰ ਲੀਕ ਹੋਣ ਦੀ ਸਵਤੰਤਰ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਮੀਦਵਾਰਾਂ ਵਲੋਂ ਲਾਏ ਗਏ ਦੋਸ਼ਾਂ ਦੇ ਬਾਵਜੂਦ ਭਰਤੀ ਪ੍ਰੀਖਿਆ ਨੂੰ ਰੱਦ ਕਰਨ ਕਰਨ ਲਈ ਕੋਈ ਕਾਰਵਾਈ ਨਹੀਂ ਕਰ ਰਹੀ ਹੈ।

ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਖੇਤੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਪੇਪਰ ਲੀਕ ਕਰਨ ਲਈ 32 ਲੱਖ ਰੁਪਏ ਦੀ ਰਿਸ਼ਵਤ ਲਈ ਹੈ। ਉਨ੍ਹਾਂ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਈ ਮੇਲ ਕੀਤਾ, ਇਥੇ ਤੱਕ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਵੀ ਮੰਗ ਪੱਤਰ ਸੌਂਪਿਆ ਪਰ ਸਰਕਾਰ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ ਪੇਪਰ ਮੁੜ ਕਰਵਾਇਆ ਜਾਵੇ ਅਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬੇਹੱਦ ਬਦਕਿਸਮਤੀ ਦੀ ਗੱਲ ਹੈ ਕਿ ਚਾਰ ਸਾਲ ਦੇ ਅੰਤਰਾਲ ਤੋਂ ਬਾਅਦ 200 ਏ. ਡੀ. ਓਜ਼ ਦੀ ਭਰਤੀ ਵਾਲਾ ਪੇਪਰ ਲੀਕਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਪ੍ਰੀਖਿਆ ਪ੍ਰਕਿਰਿਆ ਦੀ ਅਖੰਡਤਾ ਘੱਟ ਹੋਈ ਬਲਕਿ ਪੇਪਰ ਆਯੋਜਿਤ ਕਰਨ ਵਾਲੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ. ਪੀ. ਐਸ. ਸੀ.) ਵਿਚ ਲੋਕਾਂ ਦਾ ਵਿਸ਼ਵਾਸ਼ ਵੀ ਖਤਮ ਹੋ ਗਿਆ।

ਇਸ ਤੋਂ ਪਹਿਲਾਂ ਵੀ ਐਮ. ਬੀ. ਬੀ. ਐਸ. ਅਤੇ ਬੀ. ਡੀ. ਐਸ. ਵਿਚ ਪ੍ਰਵੇਸ਼ ਲਈ ਯੋਗਤਾ ਲਈ ਪ੍ਰੀਖਿਆ ਅਤੇ ਯੂ. ਜੀ. ਸੀ. ਨੈਟ ਪ੍ਰੀਖਿਆ ਸਮੇਤ ਕਈ ਪੇਪਰ ਲੀਕ ਹੋ ਚੁੱਕੇ ਹਨ। ਇਹ ਵਿਦਿਆਰਥੀਆਂ ਲਈ ਬਹੁਤ ਵੱਡਾ ਝਟਕਾ ਹੈ ਅਤੇ ਇਸ ਨਾਲ ਵਿਦਿਆਰਥੀਆਂ ਵਿਚ ਅਸੁਰੱਖਿਆ ਅਤੇ ਅਸ਼ਾਂਤੀ ਵੀ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਨੂੰ ਅੱਗੇ ਵਧਾਉਣ ਦਾ ਇਕਮਾਤਰ ਤਰੀਕਾ ਯੋਗਤਾ ਹੈ ਪਰ ਪੇਪਰ ਲੀਕ ਇਸ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੇਪਰ ਲੀਕ ਦੀ ਸਵਤੰਤਰ ਅਤੇ ਨਿਰਪੱਖ ਜਾਂਚ ਦਾ ਹੁਕਮ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਬਣਦੀ ਸਜ਼ਾ ਯਕੀਨੀ ਬਣਾਉਣੀ ਚਾਹੀਦੀ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਹੈ।

Related Post