Sikkim girl death : ਲੁੱਟਖੋਹ ਦੌਰਾਨ ਸਿੱਕਮ ਦੀ ਲੜਕੀ ਦੀ ਮੌਤ ਦਾ ਮਾਮਲਾ : ਇਕ ਲੁਟੇਰਾ ਪੁਲਿਸ ਅੜਿੱਕੇ
ਅੰਮ੍ਰਿਤਸਰ : ਵਾਹਗਾ ਸਰਹੱਦ ਉਤੇ ਰਿਟ੍ਰੀਟ ਸੈਰੇਮਨੀ ਦੇਖ ਕੇ ਪਰਤ ਰਹੀ ਸਿੱਕਮ ਦੀ ਲੜਕੀ ਨਾਲ ਲੁੱਟਖੋਹ ਦੌਰਾਨ ਮੌਤ ਦੇ ਮਾਮਲੇ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ। ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਸਿੱਕਮ ਤੋਂ ਇਕ ਲੜਕੀ ਆਪਣੇ ਦੋਸਤ ਦੇ ਨਾਲ ਅੰਮ੍ਰਿਤਸਰ ਘੁੰਮਣ ਆਈ ਸੀ ਤੇ 3 ਫਰਵਰੀ ਨੂੰ ਵਾਹਗਾ ਬਾਰਡਰ ਅਟਾਰੀ ਰਿਟ੍ਰੀਟ ਸੈਰੇਮਨੀ ਵੇਖਣ ਤੋਂ ਬਾਅਦ ਇਹ ਦੋਵੇਂ ਵਾਪਸ ਅੰਮ੍ਰਿਤਸਰ ਆਉਣ ਲਈ ਇਕ ਆਟੋ 'ਚ ਬੈਠ ਗਏ, ਜਿਸ 'ਚ ਹੋਰ ਸਵਾਰੀਆਂ ਵੀ ਬੈਠੀਆਂ ਸਨ।
ਵਾਹਗਾ ਬਾਰਡਰ ਤੋਂ 45 ਮਿੰਟ ਦੇ ਸਫਰ ਤੋਂ ਬਾਅਦ ਪਿਛਲੀ ਸਾਈਡ ਤੋਂ ਇਕ ਮੋਟਰਸਾਈਕਲ ਉਤੇ 2 ਵਿਅਕਤੀ ਆਏ। ਉਨ੍ਹਾਂ ਨੇ ਉਸ ਦੀ ਦੋਸਤ ਗੰਗਾ ਮਾਇਆ ਕੋਲ ਫੜਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਗੰਗਾ ਮਾਇਆ ਤੋਂ ਚੱਲਦੇ ਆਟੋ ਵਿਚ ਬੈਗ ਖੋਹ ਲਿਆ, ਜਿਸ ਕਾਰਨ ਉਹ ਆਟੋ ਵਿਚੋਂ ਥੱਲੇ ਡਿੱਗ ਪਈ। ਇਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗ ਗਈਆਂ। ਸੱਟਾਂ ਜ਼ਿਆਦਾ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਥਾਣਾ ਘਰਿੰਡਾ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।
ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਇਸ ਮੁਕੱਦਮੇ ਲਈ ਡੀਐਸਪੀ ਸਬ ਡਵੀਜ਼ਨ ਅਟਾਰੀ ਪ੍ਰਵੇਸ਼ ਚੋਪੜਾ ਦੀ ਡਿਊਟੀ ਲਗਾਈ, ਜਿਸ ਉਤੇ ਪ੍ਰਵੇਸ਼ ਚੋਪੜਾ ਨੇ ਸਪੈਸ਼ਲ ਟੀਮ ਬਣਾ ਕੇ ਉਕਤ ਮੁਕੱਦਮਾ ਨੂੰ ਟਰੇਸ ਕਰਨ ਲਈ ਜਾਂਚ ਸ਼ੁਰੂ ਕੀਤੀ ਸੀ। ਇਸ ਟੀਮ ਵਿਚ ਹਰਾਪਲ ਸਿੰਘ ਮੁੱਖ ਅਫਸਰ ਥਾਣਾ ਘਰਿੰਡਾ ਤੇ ਏਐਸਆਈ ਰਾਜਬੀਰ ਸਿੰਘ ਇੰਚਾਰਜ ਚੌਂਕੀ ਕਾਹਨਗੜ੍ਹ ਨੇ ਸਮੇਤ ਮੁਲਾਜ਼ਮ ਉਕਤ ਮੁਕੱਦਮਾ ਨੂੰ ਟਰੇਸ ਕਰਨ ਲਈ ਹਰ ਪਹਿਲੂ ਉਤੇ ਬਰੀਕੀ ਨਾਲ ਜਾਂਚ ਕੀਤੀ।
ਇਹ ਵੀ ਪੜ੍ਹੋ : Punsap Union strike : ਖ਼ਰੀਦ ਸੀਜ਼ਨ ਤੋਂ ਐਨ ਪਹਿਲਾਂ ਪਨਸਪ ਮੁਲਾਜ਼ਮ ਯੂਨੀਅਨ ਨੇ ਹੜਤਾਲ ਕੀਤੀ ਸ਼ੁਰੂ
ਪੁਲਿਸ ਨੇ ਬਾਰੀਕੀ ਨਾਲ ਘੋਖ ਕਰਦੇ ਹੋਏ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਨਰਾੲਣਿਗੜ੍ਹ ਛੇਹਾਰਟਾ ਹਾਲ ਵਾਸੀ ਪੁਰਾਣੀ ਮੰਡੀ ਅਟਾਰੀ ਨੇੜੇ ਰੇਲਵੇ ਲਾਈਨ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਮੁਲਜ਼ਮ ਕੋਲੋਂ ਮ੍ਰਿਤਕਾ ਲੜਕੀ ਗੰਗਾ ਦਾ ਮੋਬਾਈਲ ਫੋਨ ਮਾਰਕਾ ਵੀਵੋ ਤੇ ਉਸ ਦਾ ਪਰਸ ਵੀ ਬਰਾਮਦ ਹੋਇਆ ਹੈ। ਅੱਜ ਇਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਕੋਲੋ ਬਾਰੀਕੀ ਨਾਲ ਪੁੱਛਗਿੱਛ ਕਰਕੇ ਦੂਜੇ ਦੋਸ਼ੀ ਦੀ ਭਾਲ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।