Viral News : ਬਿਹਾਰ ਦੇ ਗਯਾ ਜ਼ਿਲ੍ਹੇ 'ਚ ਇਕ ਕੁੱਤੇ ਨੇ ਜਾਤੀ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ। ਇਸ ਮਗਰੋਂ ਵਿਭਾਗ ਨੇ ਹਰਕਤ ਵਿਚ ਆਉਂਦੇ ਹੀ ਸ਼ਰਾਰਤੀ ਅਨਸਰ ਨੂੰ ਲੱਭਣ ਦੀ ਚਾਰਾਜੋਈ ਆਰੰਭ ਕਰ ਦਿੱਤੀ ਹੈ। ਦਰਖਾਸਤ ਦੇਖ ਕੇ ਹਰ ਅਧਿਕਾਰੀ ਤੇ ਮੁਲਾਜ਼ਮ ਹੈਰਾਨ ਹਨ। ਅਰਜ਼ੀ 'ਚ ਕੁੱਤੇ ਦਾ ਆਧਾਰ ਕਾਰਡ ਵੀ ਨੱਥੀ ਕੀਤਾ ਗਿਆ ਹੈ। ਇਹ ਮਾਮਲਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਤੇ ਨੇ ਆਪਣਾ ਨਾਂ, ਮਾਤਾ-ਪਿਤਾ ਦਾ ਨਾਂ ਅਤੇ ਘਰ ਦਾ ਪਤਾ ਵੀ ਲਿਖਿਆ ਹੈ। ਕੁੱਤੇ ਨੇ ਆਪਣੀ ਜਾਤ ਪਛੜੀ ਸ਼੍ਰੇਣੀ ਲਿਖੀ ਹੈ। ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕੰਮ ਕਿਸ ਨੇ ਕੀਤਾ ਹੈ।
ਵਿਭਾਗ ਨੇ ਇਸ ਅਰਜ਼ੀ ਨੂੰ ਰੱਦ ਕਰ ਦਿੱਤਾ, ਪਰ ਬਿਨੈਕਾਰ ਨੇ ਸਾਰੇ ਜ਼ਰੂਰੀ ਦਸਤਾਵੇਜ਼ ਵੀ ਨੱਥੀ ਕੀਤੇ ਹਨ। ਇਸ ਅਰਜ਼ੀ ਵਿਚ ਬਿਨੈਕਾਰ ਦਾ ਨਾਮ ਟੌਮੀ ਹੈ। ਟੌਮੀ ਦੇ ਪਿਤਾ ਦਾ ਨਾਂ ਸ਼ੇਰੂ ਤੇ ਮਾਂ ਦਾ ਨਾਂ ਗਿੰਨੀ ਹੈ। ਕਾਸਟ ਸਰਟੀਫਿਕੇਟ ਲਈ ਅਪਲਾਈ ਕਰਨ ਵਾਲੇ ਟੌਮੀ ਦਾ ਪਤਾ ਪਿੰਡ ਪੰਡੇਪੋਖਰ, ਪੰਚਾਇਤ ਰਾਉਣਾ, ਵਾਰਡ ਨੰ: 13, ਸਰਕਲ ਗੁਰਰੂ ਅਤੇ ਥਾਣਾ ਕੋਂਚ ਹੈ। ਇਸ ਦੇ ਨਾਲ ਹੀ ਬਿਨੈਕਾਰ ਨੇ ਆਪਣੀ ਜਾਤੀ ਤਰਖਾਣ ਵਜੋਂ ਦਿੱਤੀ ਹੈ। ਪੇਸ਼ਾ ਵਿਦਿਆਰਥੀ ਭਰਿਆ ਹੈ। ਜਨਮ ਮਿਤੀ 14 ਅਪ੍ਰੈਲ 2022 ਹੈ। ਉੱਥੇ ਹੀ ਜਾਤ ਵਿਚ ਵਰਗ ਅਤਿ ਪੱਛੜਿਆ ਲਿਖਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਵਿਵਾਦਾਂ 'ਚ ਘਿਰੀ ਭਾਰਤੀ ਆਈ ਡਰੌਪ ਕੰਪਨੀ, ਉਤਪਾਦਨ ਬੰਦ
ਬਿਨੈਕਾਰ ਨੇ ਆਧਾਰ ਕਾਰਡ ਦੀ ਕਾਪੀ ਵੀ ਨੱਥੀ ਕੀਤੀ ਹੈ। ਇਹ ਆਨਲਾਈਨ ਅਰਜ਼ੀ 24 ਜਨਵਰੀ 2023 ਨੂੰ ਪ੍ਰਾਪਤ ਹੋਈ ਹੈ। ਇਸ ਦਰਖਾਸਤ ਕਾਰਨ ਜ਼ੋਨਲ ਦਫ਼ਤਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ 'ਚ ਹਾਹਾਕਾਰ ਮੱਚ ਗਈ। ਪੜਤਾਲ ਮਗਰੋਂ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਧਾਰ ਕਾਰਡ ਜਾਅਲੀ ਨਿਕਲਿਆ ਹੈ। ਇਸ ਮਾਮਲੇ 'ਚ ਜ਼ੋਨਲ ਅਧਿਕਾਰੀ ਸੰਜੀਵ ਕੁਮਾਰ ਤ੍ਰਿਵੇਦੀ ਨੇ ਦੱਸਿਆ ਕਿ ਕਿਸੇ ਨੇ ਇਹ ਸ਼ਰਾਰਤ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਨਾਖਤ ਪਿੱਛੋਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।