ਮਾੜੇ ਤੱਤਾਂ ਵਿੱਚ ਪੁਲਿਸ ਦਾ ਖ਼ੌਫ ਪੈਦਾ ਕਰਨਾ , ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ ਅਭਿਆਨ ਦਾ ਉਦੇਸ਼ : ਡੀਜੀਪੀ ਪੰਜਾਬ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਅਤ ਸਮਾਜ ਲਈ ਚਲਾਏ ਵਿਆਪਕ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (ਕਾਸੋ ਫਾਰ ਸੇਫ਼ ਨੇਬਰਹੁੱਡ) ਦੀ ਖੁਦ ਅਗਵਾਈ ਕੀਤੀ
ਨਸ਼ਿਆਂ ਨਾਲ ਨਜਿੱਠਦਿਆਂ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ , ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਅਤ ਸਮਾਜ ਲਈ ਚਲਾਏ ਵਿਆਪਕ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (ਕਾਸੋ ਫਾਰ ਸੇਫ਼ ਨੇਬਰਹੁੱਡ) ਦੀ ਖੁਦ ਅਗਵਾਈ ਕੀਤੀ, ਜਿਸਦਾ ਉਦੇਸ਼ ਗਲੀ-ਮੁਹੱਲਿਆਂ ਵਿੱਚ ਵਧ ਰਹੇ ਸਨੈਚਿੰਗ, ਈਵ ਟੀਜ਼ਿੰਗ, ਚੋਰੀ ਆਦਿ ਵਰਗੇ ਅਪਰਾਧਾਂ ਨੂੰ ਠੱਲ੍ਹ ਪਾਉਣਾ ਹੈ।
ਡੀਜੀਪੀ ਗੌਰਵ ਯਾਦਵ ਨੇ ਡੀਆਈਜੀ ਰੋਪੜ ਰੇਂਜ ਨੀਲਾਂਬਰੀ ਜਗਦਲੇ ਅਤੇ ਐਸ.ਐਸ.ਪੀ. ਐਸ.ਏ.ਐਸ. ਨਗਰ ਦੀਪਕ ਪਾਰੀਕ ਦੇ ਨਾਲ ਬਲੌਂਗੀ ਵਿਖੇ ਬਾਰੀਕਬੀਨੀ ਨਾਲ ਚੈਕਿੰਗ ਕਰ ਰਹੀ ਪੁਲੀਸ ਦੀ ਭਾਰੀ ਤਾਇਨਾਤੀ ਦੌਰਾਨ ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ।
ਜ਼ਿਕਰਯੋਗ ਹੈ ਕਿ ਇਹ ਆਪ੍ਰੇਸ਼ਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ ਅਤੇ ਪੰਜਾਬ ਪੁਲੀਸ ਹੈਡਕੁਆਡਰ ਤੋਂ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਨਿੱਜੀ ਤੌਰ ’ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ। ਸੀਪੀਜ਼/ਐਸਐਸਪੀਜ਼ ਨੂੰ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਵੱਧ ਤੋਂ ਵੱਧ ਨਫ਼ਰੀ ਜੁਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਡੀਜੀਪੀ ਨੇ ਕਿਹਾ ਕਿ ‘ ਕਾਸੋ ਫਾਰ ਸੇਫ਼ ਨੇਬਰਹੁੱਡ’ ਪਹਿਲਕਦਮੀ ਵਿੱਚ ਇੱਕ ਬਹੁ-ਪੱਖੀ ਪਹੁੰਚ ਸ਼ਾਮਲ ਹੈ, ਜਿਸ ਤਹਿਤ ਕ੍ਰਾਈਮ ਪੈਟਰਨਾਂ , ਹੌਟਸਪੌਟਸ ਦੀ ਪਛਾਣ ਕਰਨ ਅਤੇ ਅਪਰਾਧਿਕ ਪ੍ਰੋਫਾਈਲਾਂ ਨੂੰ ਬਾਰੀਕੀ ਨਾਲ ਸਮਝਣ ਲਈ ਅਪਰਾਧਿਕ ਡੇਟਾ ਦਾ ਵੱਖ-ਵੱਖ ਪੱਧਰਾਂ ’ਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਜੋ ਰਣਨੀਤਕ ਤੌਰ ’ਤੇ ਅਜਿਹੀਆਂ ਗ਼ੈਰ-ਸਮਾਜਿਕ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਕਰੇਗਾ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਫੀਡਬੈਕ ਅਤੇ ਸਮੱਸਿਆਵਾਂ ਇਕੱਠੀਆਂ ਕਰਨ ਲਈ ਵਿਲੇਜ ਡਿਫੈਂਸ ਕਮੇਟੀਆਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰ.ਡਬਲਯੂ.ਏ.), ਵਿਦਿਅਕ ਸੰਸਥਾਵਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨਾਲ ਰਾਬਤਾ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਪਰਾਧ ਨੂੰ ਨੱਥ ਪਾਉਣ ਲਈ ਸ਼ਨਾਖ਼ਤ ਕੀਤੇ ਹੌਟਸਪੌਟਸ ’ਤੇ ਨਾਕਾਬੰਦੀ, ਪੈਦਲ ਗਸ਼ਤ ਅਤੇ ਪੀਸੀਆਰ ਵਾਹਨ ਗਸ਼ਤ ਰਾਹੀਂ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ। ਇਸ ਤੋਂ ਇਲਾਵਾ , ਸਥਾਨਕ ਸਰਕਾਰਾਂ ਵਿਭਾਗ ਅਤੇ ਸਥਾਨਕ ਭਾਈਵਾਲਾਂ ਜਿਸ ਵਿੱਚ ਆਰ.ਡਬਲਿੳ.ਏ., ਮਾਰਕੀਟ ਐਸੋਸੀਏਸ਼ਨਾਂ, ਸੰਸਥਾਵਾਂ ਅਤੇ ਮਕਾਨ ਮਾਲਕਾਂ, ਸ਼ਾਮਲ ਹਨ, ਦੇ ਸਹਿਯੋਗ ਨਾਲ , ਸੀਸੀਟੀਵੀ ਨਿਗਰਾਨੀ ਨੂੰ ਵੀ ਹੋਰ ਵਧਾਇਆ ਜਾ ਰਿਹਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਦਿਅਕ ਸੰਸਥਾਵਾਂ ਦੇ ਨੇੜੇ ਨਸ਼ਿਆਂ ਦੀ ਵਿਕਰੀ ਨੂੰ ਰੋਕਣ, ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਅਤੇ ਨਿਗਰਾਨੀ ਕਰਨ ’ਤੇ ਵੀ ਧਿਆਨ ਦੇ ਰਹੀ ਹੈ। ਟੈਕਨਾਲੋਜੀ ਅਤੇ ਕਮਿਊਨਿਟੀ ਆਊਟਰੀਚ ਦਾ ਲਾਭ ਉਠਾ ਕੇ, ਇਹ ਉਪਰਾਲਾ ਸਟਰੀਟ ਕ੍ਰਾਈਮ ਨੂੰ ਰੋਕਣ ਅਤੇ ਲੋਕਾਂ ਲਈ ਇੱਕ ਸੁਰੱਖਿਅਤ ਮਾਹੌਲ ਪੈਦਾ ਕਰਨ ਦਾ ਯਤਨ ਕਰਦਾ ਹੈ।
ਬਲੌਂਗ ਦੌਰੇ ਤੋਂ ਬਾਅਦ ਵਿੱਚ, ਡੀਜੀਪੀ ਨੇ ਆਰ.ਡਬਲਯੂ.ਏ. ਦੇ ਨੁਮਾਇੰਦਿਆਂ ਨਾਲ ਉਨ੍ਹਾਂ ਤਰੀਕਿਆਂ ਦੀ ਖੋਜ ਕਰਨ ਲਈ ਮੀਟਿੰਗ ਵੀ ਕੀਤੀ, ਜਿਸ ਵਿੱਚ ਪੁਲਿਸ, ਉਨ੍ਹਾਂ ਦੇ ਸਹਿਯੋਗ ਨਾਲ, ਗਲੀ-ਮੁਹੱਲਿਆਂ ਨੂੰ ਅਜਿਹੇ ਫੁਟਕਲ ਅਪਰਾਧਾਂ ਤੋਂ ਨਿਜਾਤ ਦਿਵਾਈ ਜਾ ਸਕੇ।
ਇਸ ਆਪ੍ਰੇਸ਼ਨ ਬਾਰੇ ਦੇ ਵੇਰਵੇ ਸਾਂਝੇ ਕਰਦਿਆਂ, ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ 1500 ਤੋਂ ਵੱਧ ਪੁਲਿਸ ਟੀਮਾਂ, ਜਿਸ ਵਿੱਚ 11000 ਤੋਂ ਵੱਧ ਪੁਲਿਸ ਕਰਮਚਾਰੀ ਸ਼ਾਮਲ ਹਨ, ਨੇ ਰਾਜ ਭਰ ਵਿੱਚ ਅਪਰਾਧਿਕ ਹੌਟਸਪਾਟਸ ‘ਤੇ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ । ਉਨ੍ਹਾਂ ਕਿਹਾ ਕਿ ਅਪਰਾਧ ਦੇ ਸਾਰੇ ਹੌਟਸਪੌਟਸ ’ਤੇ ਅਤੇ ਇਨ੍ਹਾਂ ਦੇ ਆਲੇ-ਦੁਆਲੇ 236 ਮਜ਼ਬੂਤ ਨਾਕੇ ਵੀ ਲਗਾਏ ਗਏ ।
ਆਪਰੇਸ਼ਨ ਦੌਰਾਨ, ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ 140 ਐਫਆਈਆਰਜ਼ ਦਰਜ ਕੀਤੀਆਂ ਹਨ। ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀ ਵੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਵੇਰਵਿਆਂ ਦੀ ਵੀ ਪੁਸ਼ਟੀ ਕੀਤੀ।
ਜ਼ਿਕਰਯੋਗ ਹੈ ਕਿ ਇਹ ਸਰਗਰਮ ਤੇ ਮੁਸਤੈਦ ਪੁਲਿਸ ਰਣਨੀਤੀ ਪੰਜਾਬ ਪੁਲਿਸ ਦੀ ਭਾਈਚਾਰਕ ਸ਼ਮੂਲੀਅਤ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪੁਲਿਸ ਦਾ ਟੀਚਾ , ਇਲਾਕਾ ਨਿਵਾਸੀਆਂ ਅਤੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦਿਆਂ ਲੋਕਾਂ ਵਿੱਚ ਹੋਰ ਭਰੋਸਾ ਪੈਦਾ ਕਰਨਾ ਅਤੇ ਸਾਰਿਆਂ ਲਈ ਸੁਰੱਖਿਅਤ ਆਂਢ-ਗੁਆਂਢ ਸਿਰਜਣਾ ਹੈ।